ਬਰਨਾਲਾ ,30 ਦਸੰਬਰ, Gee98 news service
-ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕੁਰੜ ਵਿਖੇ ਇੱਕ ਸਾਬਕਾ ਫੌਜੀ ਦੀ ਪਤਨੀ ਅਤੇ ਇੱਕ ਹੋਰ ਵਿਅਕਤੀ ਪਾਣੀ ਵਾਲੀ ਟੈਂਕੀ ‘ਤੇ ਚੜ ਗਏ ਹਨ। ਪੁਲਿਸ ਥਾਣਾ ਠੁੱਲੀਵਾਲ ਦੀ ਪੁਲਿਸ ਵੱਲੋਂ ਕੀਤੀ ਧੱਕੇਸ਼ਾਹੀ ਦੇ ਖ਼ਿਲਾਫ਼ ਸਾਬਕਾ ਫੌਜੀ ਹਰਜਿੰਦਰ ਸਿੰਘ ਦੀ ਪਤਨੀ ਪਰਮਜੀਤ ਕੌਰ ਅਤੇ ਇੱਕ ਹੋਰ ਵਿਅਕਤੀ ਪਾਣੀ ਵਾਲੀ ਟੈਂਕੀ ‘ਤੇ ਚੜ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਨਸਾਫ਼ ਦੀ ਮੰਗ ਕਰ ਰਹੇ ਹਨ। ਪਾਣੀ ਵਾਲੀ ਟੈਂਕੀ ਉੱਪਰ ਚੜੇ ਸਾਬਕਾ ਫੌਜੀ ਦੇ ਪਰਿਵਾਰ ਦੇ ਸਮਰਥਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੁਝ ਵਿਅਕਤੀਆਂ ਨੇ ਸਾਬਕਾ ਫੌਜੀ ਹਰਜਿੰਦਰ ਸਿੰਘ ਦੇ ਘਰ ਦਾਖਲ ਹੋ ਕੇ ਰਾਤ ਵੇਲੇ ਹਮਲਾ ਕੀਤਾ ਜਿਸ ਵਿੱਚ ਸਾਬਕਾ ਫੌਜੀ ਹਰਜਿੰਦਰ ਸਿੰਘ, ਉਸਦੀ ਪਤਨੀ ਅਤੇ ਉਸਦਾ ਬੇਟਾ ਜ਼ਖ਼ਮੀ ਹੋ ਗਏ ਸਨ ਜੋ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਅਧੀਨ ਵੀ ਰਹੇ ਹਨ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਉਲਟਾ ਉਹਨਾਂ ਉੱਪਰ ਹੀ ਪੁਲਿਸ ਕਾਰਵਾਈ ਕਰ ਦਿੱਤੀ ਜਿਸ ਤਹਿਤ ਸਾਬਕਾ ਫੌਜੀ ਨੂੰ ਜੇਲ੍ਹ ਭੇਜ ਦਿੱਤਾ ਤੇ ਉਸਦੇ 18 ਕੁ ਵਰ੍ਹਿਆਂ ਦੇ ਪੁੱਤਰ ‘ਤੇ ਵੀ ਪੁਲਿਸ ਕਾਰਵਾਈ ਕਰ ਦਿੱਤੀ। ਪੁਲਿਸ ਦੀ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਸਾਬਕਾ ਫੌਜੀ ਦੀ ਪਤਨੀ ਅਤੇ ਇੱਕ ਹੋਰ ਵਿਅਕਤੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਇਨਸਾਫ਼ ਦੀ ਮੰਗ ਕਰ ਰਹੇ ਹਨ। ਸਾਬਕਾ ਫੌਜੀ ਦੇ ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਦੇ ਪਰਿਵਾਰ ‘ਤੇ ਇਹ ਹਮਲਾ ਪਿੰਡ ਦੇ ਮੌਜੂਦਾ ਸਰਪੰਚ ਦੀ ਸ਼ਹਿ ‘ਤੇ ਹੋਇਆ, ਜਿਸ ਸਬੰਧੀ ਪੁਲਿਸ ਨੂੰ ਦੱਸਿਆ ਵੀ ਗਿਆ ਹੈ ਪ੍ਰੰਤੂ ਪੁਲਿਸ ਸਿਆਸੀ ਦਬਾਅ ਤਹਿਤ ਕੋਈ ਕਾਰਵਾਈ ਨਹੀਂ ਕਰ ਰਹੀ ਸਗੋਂ ਉਲਟਾ ਉਹਨਾਂ ਦੇ ਪਰਿਵਾਰ ‘ਤੇ ਹੀ ਮੁਕੱਦਮਾ ਦਰਜ ਕਰ ਦਿੱਤਾ ਹੈ। ਬਹਰਰਾਲ ! ਘਟਨਾ ਸਥਾਨ ‘ਤੇ ਸਬ ਡਵੀਜ਼ਨ ਮਹਿਲ ਕਲਾਂ ਦੇ ਡੀਐਸਪੀ ਮੌਕੇ ‘ਤੇ ਪੁੱਜੇ ਹੋਏ ਹਨ ਅਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਮੌਕੇ ‘ਤੇ ਹਾਜ਼ਰ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਪੁਲਿਸ ਵੱਲੋਂ ਕੀਤੀ ਕਾਰਵਾਈ ਨੂੰ ਸਿਰੇ ਦੀ ਧੱਕੇਸ਼ਾਹੀ ਦੱਸ ਰਹੇ ਹਨ।










