ਬਰਨਾਲਾ ,13 ਜਨਵਰੀ, ਨਿਰਮਲ ਸਿੰਘ ਪੰਡੋਰੀ-
-ਸਾਬਕਾ ਮੈਂਬਰ ਪਾਰਲੀਮੈਂਟ, ਉੱਘੇ ਵਕੀਲ ਅਤੇ ਸਿੱਖ ਚਿੰਤਕ ਰਾਜਦੇਵ ਸਿੰਘ ਖਾਲਸਾ ਨੇ ਇੱਕ ਨਵੇਂ ਸਿਆਸੀ ਪਲੇਟਫਾਰਮ ‘ਤੇ ਸਿਆਸੀ ਸਫ਼ਰ ਦਾ ਆਗਾਜ਼ ਕੀਤਾ ਹੈ। ਰਾਜਦੇਵ ਸਿੰਘ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਰਾਜਦੇਵ ਸਿੰਘ ਖਾਲਸਾ ਬਰਨਾਲਾ ਜ਼ਿਲ੍ਹੇ ਵਿੱਚ ਇੱਕੋ ਇੱਕ ਆਗੂ ਹਨ ਜਿਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਵਿੱਚ ਲਿਆ ਗਿਆ ਹੈ। ਦੱਸ ਦੇਈਏ ਕਿ ਰਾਜਦੇਵ ਸਿੰਘ ਖਾਲਸਾ ਇਕ ਅਜਿਹੇ ਸਿਆਸਤਦਾਨ ਦੇ ਤੌਰ ‘ਤੇ ਜਾਣੇ ਜਾਂਦੇ ਹਨ ਜਿਹੜੇ ਬੇਬਾਕੀ ਅਤੇ ਤਰਕ ਨਾਲ ਆਪਣੀ ਹਰ ਗੱਲ ਆਖਦੇ ਹਨ। ਆਪਣੀ ਨਿਯੁਕਤੀ ਸਬੰਧੀ ਗੱਲਬਾਤ ਕਰਦੇ ਹੋਏ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਉਹ ਮੁਲਕ ਦੀ ਰਾਜਨੀਤੀ ਦੇ ਬਦਲਦੇ ਸਰੂਪ ਅਤੇ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪਲੇਟਫਾਰਮ ‘ਤੇ ਸਿੱਖ ਕੌਮ ਦੀ ਇੱਕ ਨਵੀਂ ਸਿਆਸੀ ਜਮਾਤ ਦੇ ਗਠਨ ਲਈ ਆਪਣਾ ਪੂਰਾ ਸਮਾਂ ਦੇਣਗੇ।










