ਚੰਡੀਗੜ੍ਹ ,14 ਜਨਵਰੀ, Gee98 News service-
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਨੇ ਵਿਦੇਸ਼ ਦੌਰੇ ਲਈ ਜਾਣ ਦੀ ਰਾਜਨੀਤਿਕ ਮਨਜ਼ੂਰੀ ਨਹੀਂ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਫਰਵਰੀ ਵਿੱਚ ਯੂਕੇ ਅਤੇ ਇਜਰਾਈਲ ਯਾਤਰਾ ਲਈ ਜਾਣਾ ਸੀ ਪ੍ਰੰਤੂ ਕੇਂਦਰ ਦੇ ਵਿਦੇਸ਼ ਵਿਭਾਗ ਨੇ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਭਗਵੰਤ ਮਾਨ ਦੇ ਕੋਲ ਰਾਜਨੀਤਿਕ ਪਾਸਪੋਰਟ ਹੋਣ ਦੇ ਬਾਵਜੂਦ ਵੀ ਮਨਜ਼ੂਰੀ ਨਹੀਂ ਦਿੱਤੀ ਗਈ। ਦੱਸ ਦੇਈਏ ਕਿ ਮੁੱਖ ਮੰਤਰੀ ਸਮੇਤ ਹੋਰ ਉੱਚ ਨੇਤਾਵਾਂ ਨੂੰ ਵਿਦੇਸ਼ ਦੌਰੇ ਲਈ ਵਿਦੇਸ਼ ਵਿਭਾਗ ਦੀ ਰਾਜਨੀਤਿਕ ਮਨਜ਼ੂਰੀ ਦੀ ਲੋੜ ਹੁੰਦੀ ਹੈ। ਮੁੱਖ ਮੰਤਰੀ ਨੇ ਆਪਣੇ ਮੰਤਰੀ ਅਤੇ ਸਟਾਫ਼ ਸਮੇਤ 7 ਤੋਂ 10 ਦਿਨ ਦੀ ਯਾਤਰਾ ਦੀ ਯੋਜਨਾ ਬਣਾਈ ਸੀ। ਮੁੱਖ ਮੰਤਰੀ ਦੇ ਇਸ ਦੌਰੇ ਦਾ ਮਕਸਦ ਪੰਜਾਬ ‘ਚ ਨਿਵੇਸ਼ ਲਈ ਵਿਦੇਸ਼ੀ ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰਨਾ ਸੀ। ਦੱਸ ਦੇਈਏ ਕਿ ਪਿਛਲੇ ਸਾਲ ਦੇ ਅੰਤ ਵਿੱਚ ਮੁੱਖ ਮੰਤਰੀ ਜਪਾਨ ਅਤੇ ਦੱਖਣੀ ਕੋਰੀਆ ਦੀ ਯਾਤਰਾ ‘ਤੇ ਵੀ ਗਏ ਸਨ। ਵਿਦੇਸ਼ ਵਿਭਾਗ ਵੱਲੋਂ ਮਨਜ਼ੂਰੀ ਨਾ ਦੇਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਕਿਉਂਕਿ ਵਿਦੇਸ਼ ਵਿਭਾਗ ਸਿਰਫ਼ ਇਹ ਸੂਚਿਤ ਕਰਦਾ ਹੈ ਕਿ ਮਨਜ਼ੂਰੀ ਦਿੱਤੀ ਗਈ ਹੈ ਜਾਂ ਨਹੀਂ ਦਿੱਤੀ ਗਈ।










