ਚੰਡੀਗੜ੍ਹ,14 ਜਨਵਰੀ, Gee98 News service-
-ਪੰਜਾਬ ‘ਚ ਪਿਛਲੇ ਕੁਝ ਸਮੇਂ ਤੋਂ ਲੁੱਟਾਂ ਖੋਹਾਂ, ਠੱਗੀਆਂ ਮਾਰਨ ਦੇ ਵੱਧ ਰਹੇ ਅੰਕੜਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਦੇ ਹੋਏ ਪੰਜਾਬ ਨੂੰ “ਹਾਈ ਰਿਸਕ ਜੋਨ” ਐਲਾਨ ਕਰ ਦਿੱਤਾ ਹੈ। ਪਿਛਲੇ ਕੁਝ ਸਮੇਂ ਤੋਂ ਸੂਬੇ ‘ਚ ਸਾਈਬਰ ਠੱਗੀ ਦੀਆਂ ਘਟਨਾਵਾਂ ਨੇ ਕੇਂਦਰ ਦੇ ਉਕਤ ਫੈਸਲੇ ‘ਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਪੰਜਾਬ ‘ਚ ਸਾਈਬਰ ਠੱਗੀ ਦੇ ਜਿਹੜੇ ਮਾਮਲੇ ਸਾਹਮਣੇ ਆਏ ਹਨ ਉਹਨਾਂ ਵਿੱਚ ਕਈ ਹੈਰਾਨੀਜਨਕ ਤੱਥ ਵੀ ਉਜਾਗਰ ਹੁੰਦੇ ਹਨ ਜਿੰਨਾਂ ਤਹਿਤ ਸਾਈਬਰ ਠੱਗਾਂ ਨੇ ਆਮ ਲੋਕਾਂ ਦੇ ਨਾਲ ਨਾਲ ਆਈਏਐਸ, ਆਈਪੀਐਸ, ਪੀਸੀਐਸ ਅਤੇ ਫੌਜ ਦੇ ਵੱਡੇ ਅਧਿਕਾਰੀਆਂ ਨੂੰ ਵੀ ਠੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 9 ਕੁ ਮਹੀਨਿਆਂ ਵਿੱਚ ਹੀ ਪੰਜਾਬ ਦੇ ਕਰੀਬ 157 ਅਧਿਕਾਰੀ, ਜਿਨਾਂ ਵਿੱਚ ਆਈਏਐਸ, ਆਈਪੀਐਸ, ਪੀਸੀਐਸ ਅਤੇ ਫੌਜ ਦੇ ਵੱਡੇ ਅਧਿਕਾਰੀ ਸ਼ਾਮਿਲ ਹਨ, ਸਾਈਬਰ ਠੱਗਾਂ ਦੇ ਜਾਲ ਵਿੱਚ ਫਸ ਚੁੱਕੇ ਹਨ। ਸਾਈਬਰ ਠੱਗਾਂ ਨੇ ਇਹਨਾਂ ਤੋਂ ਲੱਗਭੱਗ 117 ਕਰੋੜ ਰੁਪਏ ਦੀ ਰਕਮ ਠੱਗ ਲਈ ਹੈ। ਇਹਨਾਂ 157 ਅਧਿਕਾਰੀਆਂ ਵਿੱਚੋਂ 128 ਅਧਿਕਾਰੀ ਤਾਂ ਅਜਿਹੇ ਹਨ ਜੋ ਪੈਸਾ ਦੁੱਗਣਾ ਕਰਨ ਦੇ ਲਾਲਚ ਵਿੱਚ ਆ ਕੇ ਠੱਗੀ ਦਾ ਸ਼ਿਕਾਰ ਬਣੇ। ਸਾਈਬਰ ਠੱਗੀ ਦੇ ਇਹਨਾਂ ਮਾਮਲਿਆਂ ‘ਚ ਹੈਰਾਨੀਜਨਕ ਖੁਲਾਸੇ ਵੀ ਸਾਹਮਣੇ ਆਏ ਹਨ ਕਿ ਠੱਗਾਂ ਨੇ ਬੜੀ ਚਲਾਕੀ ਨਾਲ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਲੋਕਾਂ ਨੂੰ ਠੱਗਿਆ। ਸਾਈਬਰ ਠੱਗਾਂ ਨੇ ਆਪਣੇ ਵਟਸਐਪ ‘ਤੇ ਕਦੇ ਵੱਡੇ ਅਧਿਕਾਰੀਆਂ ਦੀ ਤਸਵੀਰਾਂ ਆਪਣੀ ਪ੍ਰੋਫਾਈਲ ਵਿੱਚ ਲਾ ਕੇ ਲੋਕਾਂ ਨੂੰ ਠੱਗਿਆ ਤੇ ਕਦੇ ਵੱਡੀ ਕਮਾਈ ਦੇ ਲਾਲਚ ਵਿੱਚ ਨਿਵੇਸ਼ ਕਰਵਾ ਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ। ਇਹਨਾਂ ਸਾਈਬਰ ਠੱਗਾਂ ਨੇ ਡਿਜ਼ੀਟਲ ਗ੍ਰਿਫ਼ਤਾਰੀ ਵਰਗੇ ਤਰੀਕੇ ਅਪਨਾ ਕੇ ਵੀ ਆਮ ਲੋਕਾਂ ਦੇ ਨਾਲ ਨਾਲ ਵੱਡੇ ਅਧਿਕਾਰੀਆਂ ਨੂੰ ਠੱਗਿਆ। ਡਿਜ਼ੀਟਲ ਗ੍ਰਿਫ਼ਤਾਰੀ ਵਰਗੇ ਤਰੀਕਿਆਂ ਵਿੱਚ ਇਹ ਸਾਈਬਰ ਠੱਗ ਆਪਣੇ ਆਪ ਨੂੰ ਕੇਂਦਰੀ ਏਜੰਸੀਆਂ ਜਾਂ ਪੁਲਿਸ ਦੇ ਵੱਡੇ ਅਧਿਕਾਰੀਆਂ ਵਜੋਂ ਪੇਸ਼ ਕਰਦੇ ਹਨ ਅਤੇ ਲੋਕਾਂ ਨੂੰ ਡਰਾ ਧਮਕਾ ਕੇ ਵੱਡੀਆਂ ਰਕਮਾਂ ਹੜੱਪ ਕਰ ਲੈਂਦੇ ਹਨ। ਕੁਝ ਸਮਾਂ ਪਹਿਲਾਂ ਪੰਜਾਬ ਪੁਲਿਸ ਦੇ ਇੱਕ ਸਾਬਕਾ ਆਈਜੀ ਅਮਰ ਸਿੰਘ ਚਾਹਲ ਨਾਲ ਠੱਗੀ ਦਾ ਮਾਮਲਾ ਵੀ ਸਾਹਮਣੇ ਆਇਆ ਜਿਸ ਤੋਂ ਪਰੇਸ਼ਾਨ ਹੋ ਕੇ ਉਹਨਾਂ ਨੇ ਆਤਮਹੱਤਿਆ ਕਾਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਦਰਅਸਲ ਸਾਬਕਾ ਆਈਜੀ ਨਾਲ ਠੱਗੀ ਦੀ ਘਟਨਾ ਤੋਂ ਬਾਅਦ ਹੀ ਕੇਂਦਰੀ ਏਜੰਸੀਆਂ ਅਤੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ‘ਚ ਸਾਈਬਰ ਠੱਗੀਆਂ ਦੇ ਵੱਧ ਰਹੇ ਅੰਕੜਿਆਂ ਵੱਲ ਧਿਆਨ ਮਾਰਿਆ ਅਤੇ ਇਹਨਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਨੂੰ ਸਾਈਬਰ ਅਪਰਾਧ ਲਈ “ਹਾਈ ਰਿਸਕ ਜੋਨ” ਐਲਾਨ ਕੀਤਾ ਹੈ।










