ਚੰਡੀਗੜ੍ਹ ,19 ਜਨਵਰੀ, Gee98 news service-
-ਪੰਜਾਬ ਦੇ ਥਾਣਿਆਂ ਵਿੱਚ ਖੜੇ ਪੁਰਾਣੇ ਵਹੀਕਲਾਂ ਦੇ ਢੇਰ ਹੁਣ ਚੁੱਕੇ ਜਾਣ ਦੇ ਆਸਾਰ ਬਣ ਗਏ ਹਨ। ਪੰਜਾਬ ਦੇ ਲੱਗਭੱਗ ਸਾਰੇ ਪੁਲਿਸ ਥਾਣੇ ਜ਼ਬਤ ਕੀਤੇ, ਫੜੇ ਗਏ, ਦੁਰਘਟਨਾ ਵਿੱਚ ਨਕਾਰਾਂ ਹੋਏ ਵਹੀਕਲਾਂ ਨਾਲ ਭਰੇ ਹੋਏ ਹਨ, ਖਾਸ ਕਰਕੇ ਸ਼ਹਿਰੀ ਖੇਤਰ ਦੇ ਥਾਣਿਆਂ ਵਿੱਚ ਇਹਨਾਂ ਪੁਰਾਣੇ ਵਹੀਕਲਾਂ ਦੇ ਢੇਰ ਲੱਗੇ ਹੋਏ ਹਨ। ਪੰਜਾਬ ਸਰਕਾਰ ਹੁਣ ਪੁਲਿਸ ਥਾਣਿਆਂ ਵਿੱਚ ਪਏ ਇਹਨਾਂ ਪੁਰਾਣੇ ਵਹੀਕਲਾਂ ਨੂੰ ਸ਼ਹਿਰ ਤੋਂ ਬਾਹਰ ਇੱਕ ਵਿਸ਼ੇਸ਼ ਜਗ੍ਹਾ ਬਣਾ ਕੇ ਸਿਫ਼ਟ ਕਰੇਗੀ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ ਵਿੱਚ ਖਾਸ ਕਰਕੇ ਬਣੇ ਥਾਣਿਆਂ ਵਿੱਚ ਪੁਰਾਣੇ ਵਹੀਕਲਾਂ ਦੇ ਢੇਰਾਂ ਨੂੰ ਹੁਣ 30 ਦਿਨਾਂ ਦੇ ਅੰਦਰ ਅੰਦਰ ਸ਼ਹਿਰ ਤੋਂ ਬਾਹਰ ਕਿਸੇ ਯੋਗ ਜਗ੍ਹਾ ‘ਤੇ ਸਿਫਟ ਕੀਤਾ ਜਾਵੇਗਾ। ਮੰਤਰੀ ਅਰੋੜਾ ਨੇ ਦੱਸਿਆ ਕਿ ਇਹ ਫੈਸਲਾ ਰਾਜ ਸਰਕਾਰ ਦੀ ਵਿਆਪਕ ਸ਼ਹਿਰੀ ਸੁਧਾਰ ਨੀਤੀ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਸਰਕਾਰੀ ਕੰਪਲੈਕਸਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਅੰਦਰ ਖੜ੍ਹੇ ਇਹ ਵਾਹਨ ਹੁਣ ਗੰਭੀਰ ਪ੍ਰਸ਼ਾਸਕੀ ਅਤੇ ਸਿਹਤ ਸਮੱਸਿਆ ਬਣ ਗਏ ਹਨ। ਇਸ ਮੁਹਿੰਮ ਨੂੰ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ ਪੁਲਿਸ ਵਿਭਾਗ, ਨਗਰ ਨਿਗਮ, ਟ੍ਰੈਫਿਕ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ ਹਨ। ਮੰਤਰੀ ਨੇ ਕਿਹਾ ਕਿ ਪੁਰਾਣੇ ਅਤੇ ਖਰਾਬ ਵਾਹਨ ਅੱਗ ਦਾ ਵੱਡਾ ਖ਼ਤਰਾ ਪੈਦਾ ਕਰਦੇ ਹਨ। ਇਨ੍ਹਾਂ ਵਾਹਨਾਂ ਵਿੱਚ ਮੌਜੂਦ ਈਂਧਨ ਦੀ ਰਹਿੰਦ-ਖੂੰਹਦ, ਤਾਰਾਂ ਅਤੇ ਜਲਣਸ਼ੀਲ ਪਦਾਰਥ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਹਾਦਸਿਆਂ ਦਾ ਖ਼ਤਰਾ ਪੈਦਾ ਕਰਦੇ ਹਨ। ਇਸ ਤੋਂ ਇਲਾਵਾ ਲੰਬੇ ਸਮੇਂ ਤੱਕ ਖੜ੍ਹੇ ਵਾਹਨਾਂ ਵਿੱਚ ਪਾਣੀ ਖੜ੍ਹਾ ਰਹਿਣ ਨਾਲ ਮੱਛਰ ਅਤੇ ਚੂਹਿਆਂ ਦੀ ਪੈਦਾਵਾਰ ਹੁੰਦੀ ਹੈ, ਜਿਸ ਨਾਲ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਮੰਤਰੀ ਨੇ ਕਿਹਾ ਕਿ ਇਨ੍ਹਾਂ ਵਹੀਕਲਾਂ ਹਟਾਉਣ ਤੋਂ ਪਹਿਲਾਂ ਟੈਗ ਕੀਤਾ ਜਾਵੇਗਾ, ਫੋਟੋਆਂ ਖਿੱਚੀਆਂ ਜਾਣਗੀਆਂ ਅਤੇ ਜਿਨ੍ਹਾਂ ਮਾਲਕਾਂ ਦੀ ਪਛਾਣ ਕੀਤੀ ਜਾ ਸਕਦੀ ਹੈ, ਉਨ੍ਹਾਂ ਨੂੰ ਉਨ੍ਹਾਂ ਦਾ ਦਾਅਵਾ ਕਰਨ ਦਾ ਮੌਕਾ ਦਿੱਤਾ ਜਾਵੇਗਾ।










