ਚੰਡੀਗੜ੍ਹ,20 ਜਨਵਰੀ, Gee98 news service-
-ਪੰਜਾਬ ‘ਚ ਆਮ ਆਦਮੀ ਪਾਰਟੀ ਦਾ ਰਾਜ ਕਿਹੋ ਜਿਹਾ ਰਿਹਾ ਇਸ ਗੱਲ ਦਾ ਵਿਸ਼ਲੇਸ਼ਣ ਤਾਂ ਪੰਜ ਸਾਲ ਪੂਰੇ ਕਰਨ ਤੋਂ ਬਾਅਦ ਹੀ ਹੋਵੇਗਾ ਪਰੰਤੂ ਇੱਕ ਗੱਲ ਸਪੱਸ਼ਟ ਜਾਪਦੀ ਹੈ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ “ਗੱਲ ਕਹਿ ਕੇ ਮੁੱਕਰਨ ਵਿੱਚ (ਭਾਵ ਯੂ ਟਰਨ ਮਾਰਨ ਵਿੱਚ) ਰਿਕਾਰਡ ਕਾਇਮ ਕਰੇਗੀ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਇੱਕ ਭੱਖਦੇ ਮੁੱਦੇ ‘ਤੇ ਇੱਕ ਵਾਰ ਫਿਰ ਯੂ ਟਰਨ ਮਾਰ ਲਿਆ ਹੈ। ਪਾਠਕਾਂ ਨੂੰ ਯਾਦ ਹੋਵੇਗਾ ਕਿ ਮਾਘੀ ਮੇਲੇ ‘ਤੇ ਮੁਕਤਸਰ ਸਾਹਿਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਨੇ ਦੁਆਬੇ ‘ਚ ਬੰਗਾ ਹਲਕੇ ਵਿੱਚ ਇੱਕ ਪ੍ਰਸਿੱਧ ਧਾਰਮਿਕ ਅਸਥਾਨ ਸਬੰਧੀ ਕਿਹਾ ਸੀ ਕਿ ਇੱਕ ਡੇਰੇ ਤੋਂ 328 ਸਰੂਪਾਂ ਵਿੱਚੋਂ ਗੁੰਮ ਹੋਏ 139 ਸਰੂਪ ਮਿਲੇ ਹਨ ਜਿਨ੍ਹਾਂ ਦਾ ਕੋਈ ਉੱਥੇ ਰਿਕਾਰਡ ਹੀ ਨਹੀਂ ਹੈ। ਮੁੱਖ ਮੰਤਰੀ ਦੇ ਦਾਅਵੇ ਤੋਂ ਬਾਅਦ ਉਥੋਂ ਦੀ ਪ੍ਰਬੰਧਕ ਕਮੇਟੀ ਨੇ ਜਦ ਸਬੂਤਾਂ ਸਮੇਤ ਰਿਕਾਰਡ ਪ੍ਰੈਸ ਕਾਨਫਰੰਸ ਦੌਰਾਨ ਸੰਗਤਾਂ ਦੀ ਕਚਹਿਰੀ ‘ਚ ਪੇਸ਼ ਕੀਤਾ ਤਾਂ ਆਮ ਆਦਮੀ ਪਾਰਟੀ ਨੂੰ ਤਰੇਲੀਆਂ ਆਉਣ ਲੱਗ ਪਈਆਂ ਅਤੇ ਮਾਮਲਾ ਇੱਥੋਂ ਤੱਕ ਵੱਧ ਗਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਨੇ ਸਰਕਾਰ ਵੱਲੋਂ ਦਿੱਤੇ ਇੱਕ ਵੱਡੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਆਪਣਾ ਕੈਬਨਿਟ ਰੈਂਕ ਵੀ ਛੱਡ ਦਿੱਤਾ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਬੈਕਫੁੱਟ ‘ਤੇ ਆ ਗਏ। ਇਸ ਮੁੱਦੇ ‘ਤੇ ਆਪ ਲਈ ਕਸੂਤੀ ਸਥਿਤੀ ਪੈਦਾ ਹੋਣ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਫੂ ਕਰਦੇ ਹੋਏ ਕਿਹਾ ਕਿ ਇਸ ਮਾਮਲੇ ‘ਚ ਮੁੱਖ ਮੰਤਰੀ ਨੂੰ “ਮਿਸ ਕਮਿਊਨੀਕੇਸ਼ਨ” ਹੋ ਗਈ ਸੀ। ਵਿੱਤ ਮੰਤਰੀ ਚੀਮਾ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਵੀ ਇੱਥੇ ਨਤਮਸਤਕ ਹੋਣ ਲਈ ਆਉਣਗੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਮੁੱਖ ਮੰਤਰੀ ਨਸਮਸਤਕ ਹੋਣ ਸਮੇਂ ਉਸ ਧਾਰਮਿਕ ਸਥਾਨ ਦੀਆਂ ਸੰਗਤਾਂ ਤੋਂ ਮਾਫ਼ੀ ਮੰਗਣਗੇ ? ਕੀ ਮੁੱਖ ਮੰਤਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 169 ਸਰੂਪਾਂ ਸੰਬੰਧੀ ਜਾਣਕਾਰੀ ਦੇਣ ਵਾਲੀ ਜਾਂਚ ਟੀਮ ਦੇ ਦੋਸ਼ੀ ਅਫ਼ਸਰਾਂ ਦੇ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾਵੇਗੀ ? ਕੀ ਲੋਕ ਇਸ ਮੁੱਦੇ ‘ਤੇ ਆਮ ਆਦਮੀ ਪਾਰਟੀ ਵੱਲੋਂ ਯੂ ਟਰਨ ਮਾਰਨ ਤੋਂ ਬਾਅਦ ਸੱਚਮੁੱਚ ਹੀ ਪਾਰਟੀ ਨੂੰ ਮਾਫ਼ ਕਰ ਦੇਣਗੇ ? ਕੀ ਵਿਧਾਇਕ ਸੁੱਖੀ ਆਪਣਾ ਅਸਤੀਫਾ ਵਾਪਸ ਲੈ ਲੈਣਗੇ ? ਉਪਰੋਕਤ ਸਵਾਲਾਂ ਵਿੱਚੋਂ ਭਾਵੇਂ ਕਿਸੇ ਵੀ ਸਵਾਲ ਦਾ ਜਵਾਬ “ਹਾਂ” ਵਿੱਚ ਨਾ ਹੋਵੇ ਪਰੰਤੂ ਇੱਕ ਗੱਲ ਸਪੱਸ਼ਟ ਹੈ ਕਿ ਸਿਆਸੀ ਪਾਰਟੀਆਂ ਵਿੱਚੋਂ ਜੇਕਰ ਗੱਲ ਕਹਿ ਕੇ ਮੁਕਰਨ ਜਾਂ ਯੂ ਟਰਨ ਮਾਰਨ ਦਾ ਐਵਾਰਡ ਜੇਕਰ ਕਿਸੇ ਪਾਰਟੀ ਨੂੰ ਦੇਣਾ ਹੋਵੇ ਤਾਂ ਇਹ ਯਕੀਨਨ ਆਮ ਆਦਮੀ ਪਾਰਟੀ ਦੇ ਹਿੱਸੇ ਹੀ ਆਵੇਗਾ।










