ਬਰਨਾਲਾ ,19 ਜਨਵਰੀ , (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਜ਼ਿਲ੍ਹੇ ਦੇ ਪਿੰਡ ਗੁਰਮ ਵਿੱਚ ਕੈਨੇਡਾ ਤੋਂ ਇੱਕ ਅਜਿਹੀ ਖ਼ਬਰ ਆਈ ਜਿਸ ਨੇ ਸਾਰਾ ਪਿੰਡ ਸੁੰਨ ਕਰਕੇ ਰੱਖ ਦਿੱਤਾ। ਇਹ ਖ਼ਬਰ ਪਿੰਡ ਦੇ ਇੱਕ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਿਤ ਨੌਜਵਾਨ ਰਾਜਪ੍ਰੀਤ ਸਿੰਘ (24) ਦੀ ਮੌਤ ਨਾਲ ਸੰਬੰਧਿਤ ਸੀ ਜੋ ਕੈਨੇਡਾ ਪੜ੍ਹਾਈ ਕਰਨ ਗਿਆ ਸੀ। ਰਾਜਪ੍ਰੀਤ ਸਿੰਘ ਕੈਨੇਡਾ ਦੇ ਬਰੈਪਟਨ ਵਿੱਚ ਪੜ੍ਹਾਈ ਕਰ ਰਿਹਾ ਸੀ ਅਤੇ ਸਰੀ ਵਿੱਚ ਰਹਿ ਰਿਹਾ ਸੀ ਜਿੱਥੋਂ 17 ਜਨਵਰੀ ਨੂੰ ਉਹਨਾਂ ਦੇ ਇੱਕ ਰਿਸ਼ਤੇਦਾਰ ਨੇ ਪਰਿਵਾਰ ਨੂੰ ਰਾਜਪ੍ਰੀਤ ਦੀ ਮੌਤ ਦੀ ਖ਼ਬਰ ਦਿੱਤੀ। ਰਾਜਪ੍ਰੀਤ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਨੇ ਉਸ ਨੂੰ ਅਪ੍ਰੈਲ 2024 ਵਿੱਚ ਕਰੀਬ 18 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਸਟੱਡੀ ਵੀਜ਼ਾ ‘ਤੇ ਕੈਨੇਡਾ ਭੇਜਿਆ ਸੀ। ਹੁਣ ਪਰਿਵਾਰ ਦੇ ਹਾਲਾਤ ਕੁਝ ਇਹੋ ਜਿਹੇ ਹਨ ਕਿ ਰਾਜਪ੍ਰੀਤ ਸਿੰਘ ਦੀ ਲਾਸ਼ ਨੂੰ ਕੈਨੇਡਾ ਤੋਂ ਲਿਆਉਣ ਲਈ ਪਰਿਵਾਰ ਕੋਲ ਕੋਈ ਪੈਸਾ ਨਹੀਂ ਹੈ। ਪਿੰਡ ਵਾਸੀਆਂ ਅਤੇ ਪਰਿਵਾਰ ਨੇ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੇ ਰਾਜਨੀਤਿਕ ਨੇਤਾਵਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਰਾਜਪ੍ਰੀਤ ਸਿੰਘ ਦੀ ਲਾਸ਼ ਭਾਰਤ ਲਿਆਉਣ ਵਿੱਚ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਉਸ ਦੇ ਮਾਪੇ ਆਪਣੇ ਇਕਲੌਤੇ ਪੁੱਤਰ ਦਾ ਆਖਰੀ ਵਾਰ ਮੂੰਹ ਵੇਖ ਸਕਣ ਅਤੇ ਉਸ ਦਾ ਸਸਕਾਰ ਪਿੰਡ ਦੀ ਧਰਤੀ ‘ਤੇ ਕੀਤਾ ਜਾ ਸਕੇ।










