ਬਰਨਾਲਾ,30 ਜਨਵਰੀ ( ਨਿਰਮਲ ਸਿੰਘ ਪੰਡੋਰੀ)-
-ਨਗਰ ਸੁਧਾਰ ਟਰੱਸਟ ਬਰਨਾਲਾ ਵੱਲੋਂ 25 ਏਕੜ ਸਕੀਮ ਵਿੱਚ ਕਈ ਵਰ੍ਹਿਆਂ ਤੋਂ ਬੈਠੇ ਝੁੱਗੀਆਂ ਵਾਲਿਆਂ ‘ਤੇ ਕੀਤੀ ਕਾਰਵਾਈ ਚਰਚਾ ਵਿੱਚ ਹੈ। ਸ਼ੁੱਕਰਵਾਰ ਸਵੇਰੇ ਨਗਰ ਸੁਧਾਰ ਟਰੱਸਟ ਦੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨਾਲ ਲੈ ਕੇ ਕੁਝ ਹੀ ਪਲਾਂ ਵਿੱਚ ਜੇਸੀਬੀ ਮਸ਼ੀਨ ਨਾਲ 60-70 ਦੇ ਕਰੀਬ ਝੁੱਗੀਆਂ ਮਲੀਆਮੇਟ ਕਰ ਦਿੱਤੀਆਂ। ਇਸ ਕਾਰਵਾਈ ਦੌਰਾਨ ਝੁੱਗੀਆਂ ਵਾਲਿਆਂ ਦਾ ਕੁਝ ਕੀਮਤੀ ਸਮਾਨ ਵੀ ਖਰਾਬ ਹੋ ਗਿਆ ਜਿਹੜਾ ਕਿ ਦੁਬਾਰਾ ਵਰਤੋਂਯੋਗ ਨਹੀਂ ਰਿਹਾ। ਨਗਰ ਸੁਧਾਰ ਟਰੱਸਟ ਦੇ ਕਰਮਚਾਰੀ ਜਦੋਂ ਵੱਡੀ ਗਿਣਤੀ ਪੁਲਿਸ ਫੋਰਸ ਅਤੇ ਜੇਸੀਬੀ ਮਸ਼ੀਨਾਂ ਲੈ ਕੇ ਪੁੱਜੇ ਤਾਂ ਝੁੱਗੀਆਂ ਵਾਲਿਆਂ ਦੀਆਂ ਔਰਤਾਂ ਤੇ ਬੱਚਿਆਂ ‘ਚ ਚੀਕ ਚਿਹਾੜਾ ਮੱਚ ਗਿਆ। ਝੁੱਗੀਆਂ ‘ਚ ਰਹਿਣ ਵਾਲੇ ਪਰਿਵਾਰਾਂ ਦੀਆਂ ਕੁਝ ਔਰਤਾਂ ਨੇ ਵਿਰੋਧ ਕਰਨਾ ਚਾਹਿਆ ਤਾਂ ਮਹਿਲਾ ਪੁਲਿਸ ਕਰਮਚਾਰੀਆਂ ਨੇ ਜ਼ੋਰ ਜ਼ਬਰਦਸਤੀ ਵੀ ਕੀਤੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਆਮ ਆਦਮੀ ਦੀ ਸਰਕਾਰ ਨੇ ਇਹਨਾਂ ਝੁੱਗੀਆਂ ‘ਚ ਦਿਨ ਕਟੀ ਕਰ ਰਹੀ ਨੈਸ਼ਨਲ ਪੱਧਰ ‘ਤੇ ਮੈਡਲ ਜਿੱਤਣ ਵਾਲੀ ਕਿੱਕ ਬਾਕਸਿੰਗ ਦੀ ਖਿਡਾਰਨ ਪੂਜਾ ਦਾ ਰੈਣ ਬਸੇਰਾ ਵੀ ਢਾਹ ਦਿੱਤਾ।

ਦੂਜੇ ਪਾਸੇ ਮਜ਼ਦੂਰ ਆਗੂ ਕਾਮਰੇਡ ਖੁਸ਼ੀਆ ਸਿੰਘ ਅਤੇ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ‘ਤੇ ਵਾਅਦਾ ਖਿਲਾਫ਼ੀ ਦਾ ਦੋਸ਼ ਲਾਇਆ। ਕਾਮਰੇਡ ਖੁਸ਼ੀਆ ਸਿੰਘ ਨੇ ਗੱਲ ਕਰਦੇ ਹੋਏ ਦੱਸਿਆ ਕਿ ਕਿ ਉਹ ਇਹਨਾਂ ਝੁੱਗੀਆਂ ਵਾਲਿਆਂ ਦੇ ਖ਼ਿਲਾਫ਼ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਮੁੜ ਵਸੇਬੇ ਸਬੰਧੀ ਚੇਅਰਮੈਨ ਨੂੰ ਮਿਲੇ ਸਨ ਅਤੇ ਚੇਅਰਮੈਨ ਨੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਇਹਨਾਂ ਝੁੱਗੀਆਂ ਵਾਲਿਆਂ ਲਈ ਪਹਿਲਾਂ ਜਗ੍ਹਾ ਦਾ ਪ੍ਰਬੰਧ ਕਰਕੇ ਉਸ ਤੋਂ ਬਾਅਦ ਹੀ ਇਹਨਾਂ ਨੂੰ ਇੱਥੋਂ ਉਠਾਇਆ ਜਾਵੇਗਾ ਪ੍ਰੰਤੂ ਆਪਣੇ ਵਾਅਦੇ ਤੋਂ ਮੁੱਕਰਦੇ ਹੋਏ ਚੇਅਰਮੈਨ ਨੇ ਪਲਾਂ ਵਿੱਚ ਹੀ ਕਈ ਸਾਲਾਂ ਤੋਂ ਬੈਠੇ ਲੋਕਾਂ ਨੂੰ ਉਜਾੜ ਦਿੱਤਾ। ਕਾਮਰੇਡ ਖੁਸ਼ੀਆ ਸਿੰਘ ਨੇ ਦੱਸਿਆ ਕਿ ਝੁੱਗੀਆਂ ਢਾਹੁਣ ਵੇਲੇ ਉਹ ਮੌਕੇ ‘ਤੇ ਪੁੱਜ ਗਏ ਸਨ ਅਤੇ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਮੌਕੇ ‘ਤੇ ਹਾਜ਼ਰ ਅਧਿਕਾਰੀਆਂ ਅਤੇ ਪੁਲਿਸ ਅਫਸਰਾਂ ਨੇ ਕਿਹਾ ਕਿ ਇਹਨਾਂ ਝੁੱਗੀਆਂ ਵਾਲਿਆਂ ਲਈ ਜਗ੍ਹਾ ਦਾ ਪ੍ਰਬੰਧ ਕਰ ਦਿੱਤਾ ਗਿਆ ਤੁਸੀਂ ਸਾਡੀ ਗੱਡੀ ਵਿੱਚ ਬੈਠੋ ਅਸੀਂ ਤੁਹਾਨੂੰ ਦਿਖਾ ਲਿਆਉਂਦੇ ਹਾਂ। ਕਾਮਰੇਡ ਖੁਸ਼ੀਆਂ ਸਿੰਘ ਨੇ ਦੱਸਿਆ ਕਿ ਜਦ ਉਹ ਅਤੇ ਝੁੱਗੀਆਂ ਵਾਲਿਆਂ ਦੇ 4-5 ਮੁੰਡੇ ਪੁਲਿਸ ਵਾਲਿਆਂ ਦੀ ਗੱਡੀ ਵਿੱਚ ਬੈਠ ਗਏ ਤਾਂ ਪੁਲਿਸ ਵਾਲੇ ਉਹਨਾਂ ਨੂੰ ਪੱਖੋ ਕੈਂਚੀਆਂ ਚੌਂਕੀ ਵੱਲ ਲੈ ਗਏ ਅਤੇ ਉਹਨਾਂ ਨੇ ਪੱਖੋ ਕੈਂਚੀਆਂ ਨਜ਼ਦੀਕ ਟੋਲ ਪਲਾਜੇ ਵਾਲੀ ਥਾਂ ਉੱਪਰ ਰੌਲਾ ਪਾ ਕੇ ਗੱਡੀ ਰੋਕੀ ਅਤੇ ਉਹ ਗੱਡੀ ਵਿੱਚੋਂ ਹੇਠਾਂ ਉਤਰੇ। ਕਾਮਰੇਡ ਖੁਸ਼ੀਆਂ ਸਿੰਘ ਨੇ ਇਹ ਵੀ ਦੱਸਿਆ ਕਿ ਉਹ ਟੋਲ ਪਲਾਜੇ ਵਾਲੀ ਜਗ੍ਹਾ ਉੱਪਰ ਖੜੇ ਹੀ ਸਨ ਕਿ ਪਿੱਛੋਂ ਝੁੱਗੀਆਂ ਵਾਲਿਆਂ ਦੀਆਂ ਔਰਤਾਂ ਦੀ ਗੱਡੀ ਭਰੀ ਹੋਈ ਆ ਗਈ ਜਿਸ ਨੂੰ ਉਹਨਾਂ ਨੇ ਅੱਗੇ ਹੋ ਕੇ ਰੋਕਿਆ ਤੇ ਉਹਨਾਂ ਔਰਤਾਂ ਨੂੰ ਵੀ ਗੱਡੀ ‘ਚੋਂ ਉਤਾਰਿਆ। ਉਹਨਾਂ ਕਿਹਾ ਕਿ ਅਧਿਕਾਰੀਆਂ ਨੇ ਚਾਲਬਾਜ਼ੀ ਕਰਦੇ ਹੋਏ ਉਹਨਾਂ ਨੂੰ ਜਗ੍ਹਾ ਦਿਖਾਉਣ ਦੇ ਮਾਮਲੇ ਵਿੱਚ ਉਲਝਾ ਲਿਆ ਅਤੇ ਮਗਰੋਂ ਝੁੱਗੀਆਂ ‘ਤੇ ਬੁਲਡੋਜ਼ਰ ਫੇਰ ਦਿੱਤਾ। ਕਾਮਰੇਡ ਖੁਸ਼ੀਆ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਜਨਤਕ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ, ਜਿਸ ਤੋਂ ਬਾਅਦ ਵੱਡਾ ਸੰਘਰਸ਼ ਕੀਤਾ ਜਾਵੇਗਾ।

ਇਸ ਮਾਮਲੇ ਸਬੰਧੀ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮਤੀਰਥ ਮੰਨਾ ਦਾ ਪੱਖ ਜਾਣਨ ਲਈ ਉਹਨਾਂ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਫੋਨ ਨਹੀਂ ਉਠਾਇਆ ਅਤੇ ਜਦ ਕੁਝ ਸਮੇਂ ਬਾਅਦ ਦੁਬਾਰਾ ਫੋਨ ਕੀਤਾ ਤਾਂ ਉਹਨਾਂ ਨੇ ਆਪਣੇ ਫੋਨ ਦੀ ਸਵਿੱਚ ਬੰਦ ਕਰ ਲਈ। ਨਗਰ ਸੁਧਾਰ ਟਰੱਸਟ ਦੀ ਇਸ ਕਾਰਵਾਈ ਤੇ ਸਵਾਲ ਇਸ ਕਰਕੇ ਵੀ ਉੱਠ ਰਹੇ ਹਨ ਕਿ ਇੱਕ ਪਾਸੇ ਤਾਂ ਸ਼ਹਿਰ ਅੰਦਰ ਕੁਝ ਤਕੜੇ ਲੋਕ ਟਰੱਸਟ ਦੀ ਕਰੋੜਾਂ ਰੁਪਏ ਦੀ ਜਗ੍ਹਾ ‘ਤੇ ਨਜਾਇਜ਼ ਕਬਜ਼ਾ ਕਰੀ ਬੈਠੇ ਹਨ ਜਿਨਾਂ ਵੱਲ ਦੇਖਣ ਮੌਕੇ ਟਰੱਸਟ ਦੀਆਂ ਕੁਰਸੀਆਂ ‘ਤੇ ਕਾਬਜ਼ ਆਗੂਆਂ ਤੇ ਅਫ਼ਸਰਾਂ ਦੀਆਂ ਅੱਖਾਂ ਵਿੱਚ ਸਿਆਸਤ ਦੀ ਲਿਸ਼ਕੋਰ ਪੈ ਜਾਂਦੀ ਹੈ ਪ੍ਰੰਤੂ ਦੂਜੇ ਪਾਸੇ ਗਰੀਬ ਲੋਕਾਂ ਨੂੰ ਕੜਾਕੇ ਦੀ ਠੰਡ ਵਿੱਚ ਹੀ ਉਜਾੜ ਦਿੱਤਾ ਗਿਆ। ਸਵਾਲ ਇਹ ਵੀ ਉੱਠਦੇ ਹਨ ਕਿ ਬਰਨਾਲਾ ਤੋਂ ਕੁਝ ਦਿਨ ਪਹਿਲਾਂ ਬਦਲ ਕੇ ਗਏ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਨੈਸ਼ਨਲ ਪੱਧਰ ‘ਤੇ ਕਿੱਕ ਬਾਕਸਿੰਗ ਵਿੱਚ ਮੈਡਲ ਜਿੱਤਣ ਵਾਲੀ ਪੂਜਾ ਨੂੰ ਪੱਕਾ ਘਰ ਬਣਾ ਕੇ ਦੇਣ ਦਾ ਭਰੋਸਾ ਦਿੱਤਾ ਪਰੰਤੂ ਟਰੱਸਟ ਦੇ ਅਧਿਕਾਰੀਆਂ ਨੇ ਉਸ ਦਾ ਕੱਚਾ ਰੈਣ ਬਸੇਰਾ ਵੀ ਉਜਾੜ ਦਿੱਤਾ। ਨਗਰ ਸੁਧਾਰ ਟਰੱਸਟ ਦੀ ਇਹ ਕਾਰਵਾਈ ਪੰਜਾਬ ਸਰਕਾਰ ਦੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਦਾ ਵੀ ਮੂੰਹ ਚਿੜਾਉਂਦੀ ਹੈ।









