ਬਰਨਾਲਾ,14 ਜੁਲਾਈ, ( ਨਿਰਮਲ ਸਿੰਘ ਪੰਡੋਰੀ )-
ਵਿਧਾਨ ਸਭਾ ਹਲਕਾ ਮਹਿਲ ਕਲਾਂ ਦਾ ਵੱਡਾ ਪਿੰਡ ਛੀਨੀਵਾਲ ਕਲਾਂ ਅੱਜ ਕੱਲ ਪਿੰਡ ਦੇ ਦੋ ਧੜਿਆਂ ਦੀ ਸਿਆਸੀ ਖਿੱਚੋਤਾਣ ਸਦਕਾ ਚਰਚਾ ਵਿੱਚ ਹੈ। ਕਈ ਦਿਨ ਪਹਿਲਾਂ ਸੱਤਾਧਿਰ ਦੇ ਨੇੜਲੇ ਪਿੰਡ ਦੇ ਸਾਬਕਾ ਸਰਪੰਚ ਦੇ ਗਰੁੱਪ ਵੱਲੋਂ ਦੌੜ ਭੱਜ ਕਰਕੇ ਪਿੰਡ ਦੀ ਮੌਜੂਦਾ ਸਰਪੰਚ ਨੂੰ ਮੁਅੱਤਲ ਕਰਵਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਿੰਡ ਵਿੱਚ ਤਨਾਅ ਦਾ ਮਾਹੌਲ ਵੀ ਪੈਦਾ ਹੋਇਆ। ਸਰਪੰਚਣੀ ਦੀ ਮੁਅੱਤਲੀ ਤੋਂ ਬਾਅਦ ਪ੍ਰਸ਼ਾਸਨ ਨੇ ਅਧਿਕਾਰਤ ਪੰਚ ਦੀ ਚੋਣ ਕਰਨ ਦੇ ਰਾਹ ਨਾ ਪੈ ਕੇ ਪਿੰਡ ਵਿੱਚ ਪ੍ਰਬੰਧਕ ਦੀ ਨਿਯੁਕਤੀ ਕਰ ਦਿੱਤੀ ਅਤੇ ਵਿਕਾਸ ਦੇ ਕੰਮ ਵੀ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਮੁਅੱਤਲ ਕੀਤੀ ਸਰਪੰਚ ਦੀ ਧਿਰ ਨੇ ਪ੍ਰਬੰਧਕ ਦੀ ਨਿਯੁਕਤੀ ਦਾ ਵਿਰੋਧ ਕਰਦੇ ਹੋਏ ਬੀਕੇਯੂ ਕਾਦੀਆਂ ਨਾਲ ਸੰਘਰਸ਼ ਸ਼ੁਰੂ ਕੀਤਾ ਅਤੇ ਪ੍ਰਬੰਧਕ ਦੀ ਨਿਯੁਕਤੀ ਰੱਦ ਕਰਕੇ ਅਧਿਕਾਰਤ ਪੰਚ ਦੀ ਚੋਣ ਦੀ ਮੰਗ ਕੀਤੀ। ਇਸੇ ਦੌਰਾਨ ਬੀਡੀਪੀਓ ਮਹਿਲ ਕਲਾਂ ਵੱਲੋਂ ਅਧਿਕਾਰਤ ਪੰਚ ਦੀ ਚੋਣ ਲਈ 13 ਜੁਲਾਈ ਦੀ ਤਰੀਕ ਵੀ ਰੱਖ ਲਈ ਗਈ ਪ੍ਰੰਤੂ ਖੁਦ ਬੀਡੀਪੀਓ 13 ਜੁਲਾਈ ਨੂੰ ਗੈਰ ਹਾਜ਼ਰ ਰਹੇ ਜਿਸ ਕਰਕੇ ਅਧਿਕਾਰਤ ਪੰਚ ਦੀ ਚੋਣ ਨਾ ਹੋ ਸਕੀ। ਇਸੇ ਦੌਰਾਨ ਹੀ ਇੱਕ ਹੈਰਾਨੀਜਨਕ ਘਟਨਾਕ੍ਰਮ ਵਾਪਰਿਆ ਜਿਸ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਨੇ ਸ਼ਿਕਾਇਤ ਦੇ ਆਧਾਰ ‘ਤੇ ਪਿੰਡ ਛੀਨੀਵਾਲ ਕਲਾਂ ਦੇ ਪੰਚਾਇਤ ਸਕੱਤਰ ਸੁਖਦੀਪ ਸਿੰਘ ਸੁੱਖੀ ਨੂੰ ਮੁਅੱਤਲ ਕਰ ਦਿੱਤਾ। ਸੈਕਟਰੀ ਦੀ ਮੁਅੱਤਲੀ ਸਬੰਧੀ ਡਿਪਟੀ ਕਮਿਸ਼ਨਰ ਦਫਤਰ ਵੱਲੋਂ ਪੱਤਰ ਨੰਬਰ 3005 ਮਿਤੀ 13 ਜੁਲਾਈ 2026 ਜਾਰੀ ਕੀਤਾ ਪ੍ਰੰਤੂ ਇਸੇ ਮਾਮਲੇ ਵਿੱਚ ਅੱਜ 14 ਜੁਲਾਈ ਇੱਕ ਹੋਰ ਹੈਰਾਨੀਜਨਕ ਘਟਨਾਕ੍ਰਮ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਨੇ ਆਪਣੇ ਵੱਲੋਂ ਮੁਅੱਤਲ ਪੰਚਾਇਤ ਸਕੱਤਰ ਦੀ ਮੁਅੱਤਲੀ ਦੇ 13 ਜੁਲਾਈ ਨੂੰ ਕੀਤੇ ਹੁਕਮਾਂ ਨੂੰ ਆਪ ਹੀ ਪਲਟਦੇ ਹੋਏ 14 ਜੁਲਾਈ ਨੂੰ ਇੱਕ ਨਵਾਂ ਪੱਤਰ ਜਾਰੀ ਕਰਕੇ ਪੰਚਾਇਤ ਸਕੱਤਰ ਦੀ ਮੁਅੱਤਲੀ ਨੂੰ ਰੱਦ ਕਰ ਦਿੱਤਾ ਅਤੇ 14 ਜੁਲਾਈ ਨੂੰ ਨਵਾਂ ਪੱਤਰ ਨੰਬਰ 3036 ਜਾਰੀ ਕਰਕੇ ਪੰਚਾਇਤ ਸਕੱਤਰ ਸੁਖਦੀਪ ਸਿੰਘ ਨੂੰ ਬਹਾਲ ਕਰ ਦਿੱਤਾ। ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਬਿਨਾਂ ਵੀ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਛੀਨੀਵਾਲ ਕਲਾਂ ਦੀ ਅਜੋਕੇ ਦੌਰ ਦੀ ਰਾਜਨੀਤੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸੇ ਦੌਰਾਨ ਇਹ ਖ਼ਬਰ ਵੀ ਆ ਰਹੀ ਹੈ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਹਿਲ ਕਲਾਂ ਵੱਲੋਂ ਪਿੰਡ ਵਿੱਚ ਅਧਿਕਾਰਤ ਪੰਚ ਦੀ ਚੋਣ ਵੀ ਕਰ ਦਿੱਤੀ ਗਈ ਹੈ। ਹੁਣ ਸਵਾਲ ਇਹ ਖੜੇ ਹੁੰਦੇ ਹਨ ਕਿ ਉਹ ਕਿਹੜੇ ਕਾਰਨ ਸੀ ਜਿਨਾਂ ਕਰਕੇ ਡਿਪਟੀ ਕਮਿਸ਼ਨਰ ਨੇ ਪੰਚਾਇਤ ਸਕੱਤਰ ਨੂੰ ਮੁਅੱਤਲ ਕੀਤਾ ਤੇ ਹੁਣ ਅਜਿਹੇ ਕਿਹੜੇ ਕਾਰਨ ਪੈਦਾ ਹੋ ਗਏ ਜਿਨਾਂ ਕਰਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਆਪਣੇ ਹੁਕਮ 24 ਘੰਟਿਆਂ ਦੇ ਵਿੱਚ ਬਦਲਣੇ ਪੈ ਗਏ। ਕੀ ਇਹ ਮੰਨ ਲਿਆ ਜਾਵੇ ਕਿ ਪਿੰਡ ਛੀਨੀਵਾਲ ਕਲਾਂ ਦੀ ਰਾਜਨੀਤੀ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਸਟੇਟ ਹੈੱਡ ਕੁਆਰਟਰ ਤੱਕ ਪੁੱਜ ਗਈ ?