*ਬੋਲ ਪੰਡੋਰੀ ਦੇ…ਕੂੜਾ… ਡਾਂਗ…ਤੇ ਮਾਫ਼ੀ…..!
**ਨਿਰਮਲ ਸਿੰਘ ਪੰਡੋਰੀ…26.4.2026
-ਪੁਲਿਸ ਦੀ ਇੱਕ ਲਹਿਰਾਈ ਹੋਈ ਡਾਂਗ ਨਾਲ ਬਰਨਾਲੇ ਦਾ ਕੂੜਾ ਸਾਰੇ ਦੇਸ਼ ਵਿਦੇਸ਼ ਵਿੱਚ ਖਿੱਲਰ ਗਿਆ ਜਿਹੜਾ ਹੁਣ ‘ਕੱਠਾ ਕਰਨਾ ਹਕੂਮਤ ਨੂੰ ਔਖਾ ਹੋਇਆ ਪਿਆ… ਸਫ਼ਾਈ ਵਰਕਰ ਦੀ ਬਾਂਹ ‘ਤੇ ਪੁਲਿਸ ਦੀ ਡਾਂਗ ਟੁੱਟੀ…ਸੱਧਰਾਂ ਟੁੱਟ ਗਈਆਂ, ਮਾਰਸ਼ਲ ਕੌਮ ਨੇ ਕਦੇ ਵੀ ਨਹੀਂ ਸੋਚਿਆ ਕਿ ਸਾਡੇ ਵੀ ਸਿਰ ਪਾਟ ਜਾਣਗੇ…50 ਤੋਂ ਉੱਪਰ ਦੀ ਮਹਿਲਾ ਸਫ਼ਾਈ ਵਰਕਰ ਸਿਰ ‘ਚ ਡਾਂਗ…ਤੇ ਲਹੂ ਦੀ ਧਾਰ…ਫਿਰ ਸਿਰਾਂ ‘ਤੇ ਕੂੜਾ ਚੁੱਕਣ ਵਾਲਿਆਂ ਨੇ ਪਾਤਾ ਸਿਰਾਂ ‘ਚ ਕੂੜਾ…ਡਾਂਗ ਟੁੱਟੀ…ਰੋਹ ਫੁੱਟਿਆ..ਹੱਥ ਉਠਿਆ ਤੇ ਉਹਨਾਂ ਦੇ ਹੱਥਾਂ ਵਿੱਚ ਤਾਂ ਕੂੜਾ ਹੈ ਆਂ..ਉਹਨਾਂ ਦੇ ਸਿਰਾਂ “ਉੱਤੇ” ਕੂੜਾ ਤੇ ਇੱਧਰ ਸਿਰਾਂ “ਵਿੱਚ” ਕੂੜਾ…ਫਰਕ ਤਾਂ ਹੈ…ਲੋਕਾਂ ਦੇ ਮਨਾਂ ਵਿੱਚ ਵੀ ਕੂੜਾ ਭਰ ਗਿਆ,ਸੋਸ਼ਲ ਮੀਡੀਆ ਕੂੜੇ ਨਾਲ ਹੀ ਭਰਿਆ ਪਿਆ…ਉਧਰ ਭੱਖ ਗਿਆ ਰਾਜਨੀਤਿਕ ਚੁੱਲਾ…ਕੂੜੇ ਦੇ ਢੇਰਾਂ ਥੱਲੇ ਦੱਬਣ ਦੇ ਯਤਨ ਹੋਏ ਸਫਾਈ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਅਤੇ ਹੱਕ….ਅਖੇ ਮੰਗਾਂ ਦੀ ਗੱਲ ਨਾ ਕਰੋ…ਹੁਣ ਕੂੜੇ ਦੀ ਗੱਲ ਕਰੋ,ਇਹਨਾਂ ਦੇ ਸਿਰਾਂ ‘ਉੱਤੇ’ ਕੂੜਾ ਉਹਨਾਂ ਦੇ ਸਿਰ ‘ਵਿੱਚ’ ਕੂੜਾ…ਵੇਖੋ ਕਿਵੇਂ ਪੱਕਦੇ ਨੇ ਰਾਜਨੀਤਿਕ ਚੁੱਲੇ ‘ਤੇ ਦਾਅਵਿਆਂ ਅਤੇ ਭਰੋਸਿਆਂ ਦੇ ਪਰੌਠੇ…ਸਰਕਾਰੀ ਹਸਪਤਾਲ ਵਿੱਚ, ਨਗਰ ਨਿਗਮ ਦੇ ਵਿਹੜੇ ਰਾਜਨੀਤਿਕ ਚੁੱਲੇ ਦਾ ਸੇਕ ਹਕੂਮਤ ਨੂੰ ਲੱਗਿਆ ਤੇ ਫਿਰ ਨੇਤਾ ਨੇ ਮੰਗੀ ਮਾਫ਼ੀ…ਕੀ ਕਹੋਗੇ ਦੇਰ ਆਏ ਦਰੁਸਤ ਆਏ ਜਾਂ ਬੜੀ ਦੇਰ ਕਰਤੀ ਜਨਾਬ ਆਤੇ ਆਤੇ…ਬਰਨਾਲੇ ਦੇ ਇਤਿਹਾਸ ਵਿੱਚ ਕਾਲੇ ਰੰਗ ਨਾਲ ਲਿਖੀ ਗਈ ਇਸ ਕਹਾਣੀ ਦਾ ਟਾਈਟਲ ਰੱਖ ਲਿਓ…ਕੂੜੇ ਤੋਂ ਮਾਫੀ ਤੱਕ…ਤੁਸੀਂ ਉਹ ਸੁਣਿਐ ਕਿ ਮਿੱਤਰਾਂ ਦੀ ਲੂਣ ਦੀ ਡਲੀ ਮਿਸ਼ਰੀ ਬਰੋਬਰ ਜਾਣੀ…ਡਾਂਗ ਲੂਣ ਤੋਂ ਵੀ ਭੈੜੀ ਤੇ ਨੇਤਾ ਦੀ ਦੇਰ ਨਾਲ ਆਏ ਮਾਫ਼ੀ ਮਿਸ਼ਰੀ ਤੋਂ ਮਿੱਠੀ…ਹੁਣ ਝਾੜੂ ਵਾਲਿਆਂ ਲਈ ਇਮਤਿਹਾਨ ਦੀ ਘੜੀ…ਇਹ ਪੇਪਰ ਲੀਕ ਵੀ ਨਹੀਂ ਹੋਣਾ…ਕੂੜੇ ਦੇ ਢੇਰ ਝਾੜੂ ਵਾਲਿਆਂ ਦੀਆਂ ਸੱਧਰਾਂ…ਪੁਲਿਸ ਦੀ ਟੁੱਟੀ ਡਾਂਗ…ਨਿਗਮ ਦੇ ਵਿਹੜੇ ਮੱਚਦਾ ਸਿਆਸੀ ਚੁੱਲਾ ਤੇ ਜਨਤਕ ਜਥੇਬੰਦੀਆਂ ਦੇ ਰੋਹ ਦੀ ਲਾਟ… ਇਤਫ਼ਾਕ ਦੇਖੋ…ਮੰਗਾਂ ਝਾੜੂ ਵਾਲਿਆਂ ਦੀਆਂ, ਧਰਨਾ ਝਾੜੂ ਵਾਲਿਆਂ ਦਾ, ਹੜ੍ਹਤਾਲ ਝਾੜੂ ਵਾਲਿਆਂ ਦੀ ਤੇ ਹਕੂਮਤ ਵੀ ਝਾੜੂ ਵਾਲਿਆਂ ਦੀ ਪਰ ਇੱਕ ਭੰਬਲਭੂਸਾ ਜਿਹਾ ਬੜਾ ਪਿਆ ਹੋਇਆ…ਕੀ ਇਹ ਕੂੜੇ ਦਾ ਮੁੱਦਾ ਹੈ ਜਾਂ ਝਾੜੂ ਦਾ…ਧਰਨੇ ‘ਚ ਇੱਕ ਸੇਵਾਮੁਕਤ ਮਾਸਟਰ ਕਹਿੰਦਾ…ਇਹ ਕੂੜੇ ਤੇ ਝਾੜੂ ਦਾ ਮੁੱਦਾ ਨਹੀਂ…ਇਹ ਸਫ਼ਾਈ ਕਰਮੀਆਂ ਦੀਆਂ ਮੰਗਾਂ ਦਾ ਮੁੱਦਾ…ਵੇਖਿਓ ਕਿਤੇ ਸਿਆਸੀ ਚੁੱਲੇ ‘ਚ ਮੰਗਾਂ ਨਾ ਮੱਚ ਜਾਣ…ਜਨਤਕ ਜਥੇਬੰਦੀਆਂ ਦੇ ਰੋਹ ਦੀ ਲਾਟ ਦੇ ਸਿਖਰ ‘ਤੇ ਮੰਗਾਂ ਚਮਕਣੀਆਂ ਚਾਹੀਦੀਆਂ ਨੇ…!