Skip to main content

Gee 98News

ਹੜ੍ਹਤਾਲ ਵੀ ਜਾਰੀ ਰਹੇਗੀ ਤੇ ਪੰਜਾਬ ਵੀ ਬੰਦ ਹੋਵੇਗਾ…ਸਰਕਾਰ ਦੇ ਦਾਅਵੇ ਝੂਠੇ- ਸਫ਼ਾਈ ਕਰਮਚਾਰੀ

– ਵਧ ਰਹੇ ਨੇ ਕੂੜੇ ਤੇ ਢੇਰ…ਸਰਕਾਰ ਬੇਫ਼ਿਕਰ ਤੇ ਲੋਕ ਫਿਕਰਮੰਦ

ਚੰਡੀਗੜ੍ਹ, 28 ਜੁਲਾਈ, Gee98 news service-

-ਪੰਜਾਬ ਸਰਕਾਰ ਨੇ ਸੂਬੇ ਦੇ ਸਫ਼ਾਈ ਕਰਮਚਾਰੀਆਂ ਦੀ ਤਨਖਾਹ ਵਿੱਚ ਦੁੱਗਣਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ 22 ਜੁਲਾਈ ਨੂੰ ਬਰਨਾਲਾ ਵਿਖੇ ਧਰਨਾ ਦੇ ਰਹੇ ਸਫ਼ਾਈ ਕਰਮਚਾਰੀਆਂ ‘ਤੇ ਪੁਲਿਸ ਦੇ ਲਾਠੀਚਾਰਜ ਦੀ ਪੜ੍ਹਤਾਲ ਸਬੰਧੀ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਵੀ ਕੀਤਾ ਗਿਆ ਹੈ। ਬੀਤੇ ਕੱਲ੍ਹ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸਫਾਈ ਕਰਮਚਾਰੀਆਂ ਦੇ ਆਗੂਆਂ ਦੀ ਹੋਈ ਲੰਮੀ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਐਲਾਨ ਕੀਤਾ ਕਿ ਸਫ਼ਾਈ ਕਰਮਚਾਰੀਆਂ ਦੀ ਤਨਖਾਹ 10500 ਤੋਂ ਵਧਾ ਕੇ 20500 ਪ੍ਰਤੀ ਮਹੀਨਾ 1 ਅਗਸਤ 2026 ਤੋਂ ਲਾਗੂ ਹੋ ਜਾਵੇਗੀ। ਉਹਨਾਂ ਦੱਸਿਆ ਕਿ ਬਰਨਾਲਾ ਵਿਖੇ ਹੋਏ ਲਾਠੀਚਾਰਜ ਦੀ ਅਗਲੇਰੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਜਿਸ ਦੀ ਪੜ੍ਹਤਾਲ ਦੇ ਆਧਾਰ ‘ਤੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਕੈਬਨਿਟ ਮੰਤਰੀ ਬੈਂਸ ਨੇ ਇਹ ਵੀ ਕਿਹਾ ਕਿ ਉਹਨਾਂ ਨਾਲ ਮੀਟਿੰਗ ਵਿੱਚ ਸ਼ਾਮਿਲ ਵਾਲਮੀਕ ਸਮਾਜ ਅਤੇ ਸਫ਼ਾਈ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਦੇ ਵਿੱਚੋਂ ਆਪਣੀ ਹੜ੍ਹਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਪਰੰਤੂ ਦੂਜੇ ਪਾਸੇ ਕੈਬਨਿਟ ਮੰਤਰੀ ਦੇ ਹੜ੍ਹਤਾਲ ਖਤਮ ਕਰਨ ਦੇ ਦਾਅਵੇ ਤੋਂ ਬਾਅਦ ਤੁਰੰਤ ਬਾਅਦ ਸਫ਼ਾਈ ਕਰਮਚਾਰੀਆਂ ਦੀ ਪੰਜਾਬ ਦੀ ਜਥੇਬੰਦੀ ਦੇ ਆਗੂਆਂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਦਾਅਵਾ ਕੀਤਾ ਕਿ ਪੰਜਾਬ ‘ਚ ਅਜੇ ਹੜ੍ਹਤਾਲ ਖ਼ਤਮ ਨਹੀਂ ਕੀਤੀ ਜਾਵੇਗੀ ਅਤੇ ਨਗਰ ਨਿਗਮ/ ਨਗਰ ਕੌਂਸਲਾਂ ਦੇ ਵਿਹੜਿਆਂ ‘ਚ ਲੱਗੇ ਧਰਨੇ ਜਾਰੀ ਰਹਿਣਗੇ। ਸਫ਼ਾਈ ਕਰਮਚਾਰੀਆਂ ਦੀ ਜਥੇਬੰਦੀ ਦੇ ਆਗੂਆਂ ਨੇ ਇਹ ਵੀ ਕਿਹਾ ਕਿ 30 ਜੁਲਾਈ ਨੂੰ ਜਥੇਬੰਦੀ ਵੱਲੋਂ ਪੰਜਾਬ ਬੰਦ ਦਾ ਦਿੱਤਾ ਗਿਆ ਸੱਦਾ ਲਾਗੂ ਰਹੇਗਾ ਤੇ ਇਸ ਦਿਨ ਪੰਜਾਬ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ। ਕਰਮਚਾਰੀਆਂ ਦੀ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਿਰਫ਼ ਹੜ੍ਹਤਾਲ ਵਿੱਚ ਵਾਧਾ ਕਰਨਾ ਹੀ ਇੱਕੋ ਇੱਕ ਮੰਗ ਨਹੀਂ ਸੀ ਸਗੋਂ ਜਥੇਬੰਦੀ ਦੀਆਂ ਹੋਰ ਵੀ ਅਹਿਮ ਮੰਗਾਂ ਹਨ ਜਿਨਾਂ ਸਬੰਧੀ ਸਰਕਾਰ ਵੱਲੋਂ ਕੋਈ ਠੋਸ ਹੁੰਗਾਰਾ ਨਹੀਂ ਭਰਿਆ ਗਿਆ। ਪੰਜਾਬ ਸਰਕਾਰ ਵੱਲੋਂ ਭਾਵੇਂ ਦਾਅਵਾ ਕੀਤਾ ਜਾ ਰਿਹਾ ਕਿ ਹੜ੍ਹਤਾਲ ਖ਼ਤਮ ਹੋ ਗਈ ਪ੍ਰੰਤੂ ਸਫ਼ਾਈ ਕਰਮਚਾਰੀਆਂ ਦੀ ਜਥੇਬੰਦੀ ਦਾ ਦਾਅਵਾ ਹੈ ਕਿ ਹੜ੍ਹਤਾਲ ਖ਼ਤਮ ਨਹੀਂ ਹੋਈ। ਕਰਮਚਾਰੀਆਂ ਦੇ ਆਗੂਆਂ ਨੇ ਲੋਕਾਂ ਨੂੰ ਸਰਕਾਰ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਵਿੱਚ ਨਾ ਆਉਣ ਲਈ ਵੀ ਕਿਹਾ ਹੈ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਜਥੇਬੰਦੀ ਅਜੇ ਹੜ੍ਹਤਾਲ ਜਾਰੀ ਰੱਖਦੀ ਹੈ ਤਾਂ ਪੰਜਾਬ ਸਰਕਾਰ ਦੇ ਦੋ ਚੋਟੀ ਦੇ ਮੰਤਰੀਆਂ ਨਾਲ ਮੀਟਿੰਗ ਕਰਨ ਵਾਲੇ ਵਾਲਮੀਕ ਸਮਾਜ ਦੇ ਆਗੂ ਕੀ ਇਸ ਜਥੇਬੰਦੀ ਤੋਂ ਬਾਹਰ ਹੋ ਕੇ ਮੀਟਿੰਗ ਕਰਨ ਗਏ ਸਨ, ਜਿਨਾਂ ਨੇ ਮੀਟਿੰਗ ਤੋਂ ਬਾਅਦ ਹੜ੍ਹਤਾਲ ਖਤਮ ਕਰਨ ਦਾ ਐਲਾਨ ਕੀਤਾ ਸੀ। ਸਫ਼ਾਈ ਕਰਮਚਾਰੀਆਂ ਨੇ ਸਰਕਾਰ ਦੇ ਹੜ੍ਹਤਾਲ ਖ਼ਤਮ ਹੋਣ ਦੇ ਦਾਅਵਿਆਂ ਨੂੰ ਨਾਕਾਰ ਕੇ ਇੱਕ ਵਾਰ ਫਿਰ ਆਪਣੀਆਂ ਬਕਾਇਆ ਮੰਗਾਂ ਦੀ ਗੇਂਦ ਸਰਕਾਰ ਦੇ ਵਿਹੜੇ ਸੁੱਟ ਦਿੱਤੀ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਸਫ਼ਾਈ ਕਰਮਚਾਰੀਆਂ ਦੀ ਹੜ੍ਹਤਾਲ ਦੇ ਕਾਰਨ ਪੰਜਾਬ ਦੇ ਸ਼ਹਿਰ ਅਤੇ ਕਸਬੇ ਕੂੜੇ ਦੇ ਵੱਡੇ ਢੇਰਾਂ ਦੇ ਕਾਰਨ ਭਿਆਨਕ ਬਿਮਾਰੀਆਂ ਦੀ ਲਪੇਟ ਵਿੱਚ ਆਉਣ ਦੀ ਕਗਾਰ ‘ਤੇ ਹਨ, ਜਿਸ ਦਾ ਨੋਟਿਸ ਮਾਨਯੋਗ ਹਾਈਕੋਰਟ ਵੀ ਲੈ ਚੁੱਕੀ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਸਰਕਾਰ ਸ਼ਹਿਰਾਂ ਵਿੱਚ ਲੱਗੇ ਇਹਨਾਂ ਕੂੜੇ ਦੇ ਢੇਰਾਂ ਨੂੰ ਚੁਕਾਉਣ ਲਈ ਫਿਕਰਮੰਦ ਨਹੀਂ ਜਾਪਦੀ ਜਦ ਕਿ ਆਮ ਲੋਕ ਕੂੜੇ ਦੇ ਕਾਰਨ ਭਿਆਨਕ ਬਿਮਾਰੀਆਂ ਫੈਲਣ ਦੇ ਡਰੋਂ ਫਿਕਰਮੰਦ ਹਨ।

Gee98 Ads
error: Content is protected !!