Skip to main content

Gee 98News

ਮੁੱਖ ਮੰਤਰੀ ਵੱਲੋਂ ਮਹਿਲ ਕਲਾਂ ਲੋਕ ਮਿਲਣੀ ‘ਚ ਐਲਾਨ ਕੀਤੀ 51 ਲੱਖ ਦੀ ਗਰਾਂਟ ਪੰਚਾਇਤ ਨੂੰ ਅਜੇ ਤੱਕ ਨਹੀਂ ਮਿਲੀ…!

ਬਰਨਾਲਾ,28 ਜੁਲਾਈ (ਨਿਰਮਲ ਸਿੰਘ ਪੰਡੋਰੀ)-

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ਸੋਢੇ ਵਿਖੇ ਕੀਤੀ ਗਈ ਲੋਕ ਮਿਲਣੀ ਵਿੱਚ ਪਿੰਡ ਮਹਿਲਕਲਾਂ ਦੀ ਪੰਚਾਇਤ ਨੂੰ ਦਿੱਤਾ ਗਿਆ 51 ਲੱਖ ਰੁਪਏ ਦਾ ਚੈੱਕ ਅਜੇ ਵੀ ਚਰਚਾ ਵਿੱਚ ਹੈ। ਜ਼ਿਕਰਯੋਗ ਹੈ ਕਿ 51 ਲੱਖ ਰੁਪਏ ਦੀ ਇਸ ਗਰਾਂਟ ਦਾ ਮਾਮਲਾ ਉਸੇ ਦਿਨ ਭੱਖ ਗਿਆ ਸੀ ਜਦੋਂ ਲੋਕ ਮਿਲਣੀ ਕਰਵਾਉਣ ਵਾਲੀ ਮਹਿਲਕਲਾਂ ਸੋਢੇ ਦੀ ਪੰਚਾਇਤ ਨੂੰ ਇਹ ਗਰਾਂਟ ਨਾ ਦੇ ਕੇ ਦੂਜੀ ਗ੍ਰਾਮ ਪੰਚਾਇਤ ਮਹਿਲ ਕਲਾਂ ਨੂੰ 51 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਦੇ ਦਿੱਤਾ ਗਿਆ ਤਾਂ ਮਹਿਲ ਕਲਾਂ ਸੋਢੇ ਦੇ ਸਰਪੰਚ ਨੇ ਲੋਕ ਮਿਲਣੀ ਵਾਲੇ ਦਿਨ ਸ਼ਾਮ ਵੇਲੇ ਹੀ ਇਸ ਸਬੰਧੀ ਨਾਰਾਜ਼ਗੀ ਜਾਹਿਰ ਕਰ ਦਿੱਤੀ ਜਿਸ ਤੋਂ ਬਾਅਦ ਇਹ ਗੱਲ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀ। ਮਹਿਲਲਕਲਾਂ ਸੋਢੇ ਦੇ ਸਰਪੰਚ ਸਰਬਜੀਤ ਸਿੰਘ ਦੀ ਨਾਰਾਜ਼ਗੀ ਨੂੰ ਵੇਖਦੇ ਹੋਏ ਹਲਕਾ ਵਿਧਾਇਕ ਹਰਕਤ ਵਿੱਚ ਆਇਆ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਪੰਚ ਸਰਬਜੀਤ ਸਿੰਘ ਨੂੰ ਬੁਲਾ ਕੇ 31 ਲੱਖ ਰੁਪਏ ਦੀ ਗਰਾਂਟ ਵੱਖਰੇ ਤੌਰ ‘ਤੇ ਦੇਣ ਦਾ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ 51 ਲੱਖ ਰੁਪਏ ਦੇ ਚੈੱਕ ਦਾ ਮੁੱਦਾ ਠੰਡਾ ਪੈ ਗਿਆ ਸੀ ਪ੍ਰੰਤੂ ਹੁਣ ਜਦੋਂ ਇਹ ਗੱਲ ਨਿਕਲ ਕੇ ਬਾਹਰ ਆਈ ਕਿ ਅਜੇ ਤੱਕ ਮੁੱਖ ਮੰਤਰੀ ਵੱਲੋਂ ਦਿੱਤੇ 51 ਲੱਖ ਦੇ ਚੈੱਕ ‘ਚੋਂ ਇੱਕ ਦੁੱਕੀ ਵੀ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਨਹੀਂ ਮਿਲੀ ਤਾਂ ਇਹ ਮਾਮਲਾ ਦੁਬਾਰਾ ਭੱਖ ਚੁੱਕਿਆ ਹੈ। ਇਸ ਸਬੰਧੀ ਮਜ਼ਦੂਰ ਆਗੂ ਹਰਜੀਤ ਸਿੰਘ ਖਿਆਲੀ ਨੇ ਕਿਹਾ ਕਿ ਉੰਝ ਤਾਂ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਲੋਕ ਮਿਲਣੀ ਦੀ ਸਟੇਜ ‘ਤੇ ਐਲਾਨ ਕਰਦੇ ਹਨ ਕਿ ਉਹ ਲੋਕ ਮਿਲਣੀ ‘ਚ ਪੰਚਾਇਤ ਨੂੰ ਦਿੱਤੀ ਜਾਣ ਵਾਲੀ ਗਰਾਂਟ ਪਹਿਲਾਂ ਹੀ ਪੰਚਾਇਤ ਦੇ ਖ਼ਾਤੇ ‘ਚ ਪਾ ਕੇ ਤੁਰਦੇ ਹਨ, ਸਟੇਜ ‘ਤੇ ਚੈੱਕ ਦੇਣਾ ਤਾਂ ਇੱਕ ਰਸਮੀ ਕਾਰਵਾਈ ਹੁੰਦੀ ਹੈ ਪਰੰਤੂ ਉਹਨਾਂ ਦੇ ਪਿੰਡ ਦੀ ਗ੍ਰਾਮ ਪੰਚਾਇਤ ਮਹਿਲ ਕਲਾਂ ਨੂੰ ਲੋਕ ਮਿਲਣੀ ‘ਚ ਐਲਾਨ ਕੀਤੇ 51 ਲੱਖ ਰੁਪਏ ਦੀ ਗਰਾਂਟ ਅਜੇ ਤੱਕ ਵੀ ਪੰਚਾਇਤ ਦੇ ਖ਼ਾਤੇ ਵਿੱਚ ਨਹੀਂ ਆਈ। ਉਹਨਾਂ ਇਸ ਮੁੱਦੇ ‘ਤੇ ਹਲਕਾ ਵਿਧਾਇਕ ਨੂੰ ਘੇਰਦੇ ਹੋਏ ਕਿਹਾ ਕਿ ਪਹਿਲਾਂ ਲੋਕ ਮਿਲਣੀ ਕਰਵਾਉਣ ਵਾਲੀ ਗ੍ਰਾਮ ਪੰਚਾਇਤ ਨੂੰ ਚੈੱਕ ਨਾ ਦੇ ਕੇ ਦੂਜੀ ਪੰਚਾਇਤ ਨੂੰ ਚੈੱਕ ਦਿੱਤਾ ਗਿਆ ਜਿਸ ਨਾਲ ਦੋਵੇਂ ਪੰਚਾਇਤਾਂ ਵਿੱਚ ਮੱਤਭੇਦ ਪਵਾਉਣ ਦਾ ਯਤਨ ਕੀਤਾ ਗਿਆ ਪ੍ਰੰਤੂ ਹੁਣ ਐਲਾਨ ਕੀਤੀ ਪੰਚਾਇਤ ਨੂੰ ਕਈ ਦਿਨ ਬੀਤਣ ਦੇ ਬਾਵਜੂਦ ਵੀ 51 ਲੱਖ ਰੁਪਏ ਦੀ ਗਰਾਂਟ ਸਬੰਧੀ ਹਲਕਾ ਵਿਧਾਇਕ ਨੇ ਕੋਈ ਚਾਰਾਜੋਈ ਨਹੀਂ ਕੀਤੀ। ਇਸ ਸਬੰਧੀ ਪਿੰਡ ਦੀ ਸਰਪੰਚ ਸ੍ਰੀਮਤੀ ਕ੍ਰਿਸ਼ਨਾ ਰਾਣੀ ਨੇ ਕਿਹਾ ਕਿ ਉਹਨਾਂ ਨੇ 51 ਲੱਖ ਦੀ ਗਰਾਂਟ ਲੈਂਣ ਸਬੰਧੀ ਕਈ ਵਾਰ ਹਲਕਾ ਵਿਧਾਇਕ ਨੂੰ ਬੇਨਤੀ ਕੀਤੀ ਹੈ ਪ੍ਰੰਤੂ ਅਜੇ ਤੱਕ ਉਹਨਾਂ ਨੂੰ ਇਹ ਗਰਾਂਟ ਨਹੀਂ ਮਿਲੀ ਜਦਕਿ ਉਹਨਾਂ ਵੱਲੋਂ 51 ਲੱਖ ਦੀ ਗ੍ਰਾਂਟ ਦੇ ਮੱਦੇਨਜ਼ਰ ਵਿਕਾਸ ਕੰਮਾਂ ਦੀਆਂ ਪ੍ਰਪੋਜਲਾਂ ਬਣਾ ਕੇ ਵਿਭਾਗ ਨੂੰ ਭੇਜੀਆਂ ਜਾ ਚੁੱਕੀਆਂ ਹਨ। ਸਰਪੰਚ ਕ੍ਰਿਸਨਾ ਰਾਣੀ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਵੱਲੋਂ ਲੋਕ ਮਿਲਣੀ ‘ਚ ਐਲਾਨ ਕੀਤੀ 51 ਲੱਖ ਦੀ ਗ੍ਰਾਂਟ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ।

error: Content is protected !!