Skip to main content

Gee 98News

aap ਸਰਕਾਰ ਦੇ ਰਾਜ ਵਿੱਚ ਅਧਿਆਪਕ ਦਿਵਸ ਜਸ਼ਨ ਦਾ ਨਹੀਂ ਸਗੋਂ ਕਾਲਾ ਦਿਵਸ ਹੀ ਹੈ- ਨਰਿੰਦਰ ਗਰਗ ਨੀਟਾ

-ਆਪ ਸਰਕਾਰ ਨੇ ਅਧਿਆਪਕਾਂ ਨੂੰ ਸਭ ਤੋਂ ਵੱਧ ਕੁੱਟਿਆ ਅਤੇ ਜਲੀਲ ਕੀਤਾ

ਬਰਨਾਲਾ, 5 ਸਤੰਬਰ, ( ਨਿਰਮਲ ਸਿੰਘ ਪੰਡੋਰੀ )-

-ਪੰਜਾਬ ਦੇ ਸਰਕਾਰੀ ਅਧਿਆਪਕਾਂ ਲਈ ਅੱਜ ਦਾ ਅਧਿਆਪਕ ਦਿਵਸ ਕੋਈ ਜਸ਼ਨ ਦਾ ਦਿਨ ਨਹੀਂ, ਸਗੋਂ ਇਹ ਕਾਲਾ ਦਿਵਸ ਹੈ ਕਿਉਂਕਿ ਪੰਜਾਬ ਦੀ ਮੌਜੂਦਾ ਹਕੂਮਤ ਵੱਲੋਂ ਅਧਿਆਪਕਾਂ ਨੂੰ ਹੱਕ ਮੰਗਦੇ ਅਧਿਆਪਕਾਂ ਨੂੰ ਲਾਠੀਆਂ ਨਾਲ ਕੁੱਟਿਆ ਜਾ ਰਿਹਾ ਹੈ ਅਤੇ ਸੜਕਾਂ ‘ਤੇ ਜ਼ਲੀਲ ਕੀਤਾ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਅਧਿਆਪਕਾਂ ਨਾਲ ਵਿਸ਼ਵਾਸਘਾਤ ਕੀਤਾ ਅਤੇ ਸਰਕਾਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਸਿੱਖਿਆ ਕ੍ਰਾਂਤੀ ਦੇ ਖੋਖਲੇ ਨਾਅਰੇ ਲਗਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਨੂੰ ਇੱਕ ਅਧਿਆਪਕ ਦਾ ਪੁੱਤਰ ਦੱਸਦੇ ਹਨ ਪਰ ਉਹਨਾਂ ਦੀ ਸਰਕਾਰ ‘ਚ ਅਧਿਆਪਕਾਂ ਨੂੰ ਬੇਇੱਜ਼ਤੀ, ਝੂਠੀ ਪੁਲਿਸ ਕਾਰਵਾਈ ਅਤੇ ਜ਼ਲਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‌ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਨੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਦੇ ਅਧਿਆਪਕ ਦਿਵਸ ‘ਤੇ ਵੱਖ-ਵੱਖ ਖੇਤਰਾਂ ‘ਚ ਅਧਿਆਪਕਾਂ ਨੂੰ ਸਨਮਾਨਿਤ ਕਰਨ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਅਧਿਆਪਕ ਵਰਗ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਪ੍ਰੰਤੂ ਮੌਜੂਦਾ ਸਰਕਾਰ ਨੇ ਅਧਿਆਪਕ ਵਰਗ ਨੂੰ ਅਪਮਾਨਿਤ ਕਰਨ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਇਸ ਲਈ ਜੇਕਰ ਅਧਿਆਪਕਾਂ ਨੂੰ ਡਾਂਗਾਂ ਨਾਲ ਕੁੱਟਣ ਵਾਲੀ ਸਰਕਾਰ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੀ ਗੱਲ ਕਰੇ ਤਾਂ ਇਹ ਇੱਕ ਡਰਾਮੇਬਾਜ਼ੀ ਹੀ ਹੋਵੇਗੀ। ਜ਼ਿਲ੍ਹਾ ਪ੍ਰਧਾਨ ਨੀਟਾ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਪੋਲ ਖੋਲਦੇ ਹੋਏ ਕਿਹਾ ਕਿ ਪੰਜਾਬ ‘ਚ 31370 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ ਜਦਕਿ 1100 ਤੋਂ ਬਾਅਦ ਪ੍ਰਿੰਸੀਪਲ ਦੀਆਂ ਅਸਾਮੀਆਂ ਵੀ ਖਾਲੀ ਹਨ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇੱਕ ਤਿਹਾਈ ਤੋਂ ਵਧੇਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਦੀਆਂ ਅਸਾਮੀਆਂ ਖਾਲੀ ਹਨ। ਉਹਨਾਂ ਕਿਹਾ ਕਿ 400 ਤੋਂ ਵੱਧ ਏਡਿਡ ਸਕੂਲਾਂ ਵਿੱਚ 1700 ਤੋਂ ਵੱਧ ਅਧਿਆਪਨ ਅਤੇ ਗੈਰ ਅਧਿਆਪਨ ਕਰਮਚਾਰੀ ਪਿਛਲੇ ਅੱਠ ਤੋਂ ਲੈ ਕੇ ਨੌ ਮਹੀਨਿਆਂ ਤੱਕ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ SC ਅਤੇ BC ਵਰਗ ਦੇ ਰਾਖਵੇਂਕਰਨ ਦੀ ਹੱਕਾਂ ਦੀ ਅਣਦੇਖੀ ਕਰਦੇ ਹੋਏ 1013 ਲੈਕਚਰਾਰ ਅਸਾਮੀਆਂ ਦੀ ਅਧਿਸੂਚਨਾ ‘ਚ ਕਥਿਤ ਤੌਰ ‘ਤੇ SC ਅਤੇ BC ਉਮੀਦਵਾਰਾਂ ਲਈ ਕੋਈ ਰਾਖਵਾਂਕਰਨ ਨਹੀਂ ਦਿੱਤਾ ਜਦਕਿ ਸੰਵਿਧਾਨ ਮੁਤਾਬਕ 25 ਫੀਸਦੀ ਰਾਖਵਾਂਕਰਨ ਜ਼ਰੂਰੀ ਹੈ। ਉਹਨਾਂ ਕਿਹਾ ਕਿ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਨਵੀਂ ਭਰਤੀ ਨੂੰ ਵੀ ਸਰਕਾਰ ਨੇ ਪੂਰਾ ਨਹੀਂ ਕੀਤਾ ਜਦਕਿ ਸਰਕਾਰ ਨੇ ਸੁਪਰੀਮ ਕੋਰਟ ਨੂੰ ਫਰਵਰੀ 2026 ਤੱਕ ਭਰਤੀ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ। ਉਹਨਾਂ ਕਿਹਾ ਕਿ ਅਧਿਆਪਕ ਇਨਸਾਫ਼ ਲੈਣ ਲਈ ਪਾਣੀ ਵਾਲੀਆਂ ਟੈਂਕੀਆਂ ਤੇ ਮੋਬਾਇਲ ਟਾਵਰਾਂ ‘ਤੇ ਚੜ ਰਹੇ ਹਨ, ਅਜਿਹੇ ਹਾਲਾਤਾਂ ‘ਚ ਅਧਿਆਪਕ ਦਿਵਸ ਕੋਈ ਜਸ਼ਨ ਦਾ ਨਹੀਂ ਸਗੋਂ ਕਾਲਾ ਦਿਵਸ ਹੀ ਮੰਨਿਆ ਜਾਵੇਗਾ।

Gee98 Ads
error: Content is protected !!