– ਅਮਰੀਕਾ ਨੇ ਕੈਨੇਡਾ ਦੇ ਸਮਾਨ ‘ਤੇ ਲਗਾਇਆ 50 ਫੀਸਦੀ ਟੈਰਿਫ਼, ਕੈਨੇਡਾ ਵੱਲੋਂ ਵੀ ਜਵਾਬੀ ਕਾਰਵਾਈ
ਚੰਡੀਗੜ੍ਹ, 7 ਸਤੰਬਰ , Gee98 News service-
-ਅਮਰੀਕਾ ਅਤੇ ਕੈਨੇਡਾ ਵਿੱਚ ਵਪਾਰਕ ਤਣਾਓ ਵੱਧਦਾ ਜਾ ਰਿਹਾ ਹੈ, ਹੁਣ ਮਾਮਲਾ ਇੱਥੋਂ ਤੱਕ ਵਧ ਗਿਆ ਹੈ ਕਿ ਅਮਰੀਕਾ ਨੇ ਕੈਨੇਡਾ ਦੀ ਤੁਲਨਾ ਇੱਕ ਛੋਟੇ ਕੁੱਤੇ ਨਾਲ ਕਰ ਦਿੱਤੀ ਹੈ। ਅਮਰੀਕਾ ਦੇ ਵਿੱਤ ਮੰਤਰੀ ਸਕਾਟ ਵੇਸੇਂਟ ਨੇ ਕੈਨੇਡਾ ਦੀ ਤੁਲਨਾ ਇਕ ਛੋਟੇ ਕੁੱਤੇ ਨਾਲ ਕਰਦੇ ਹੋਏ ਕਿਹਾ ਕਿ “ਮੇਰੇ ਕੋਲ ਇੱਕ ਜਰਮਨ ਸੈਫਰਡ ਕੁੱਤਾ ਸੀ, ਪਾਰਕ ਵਿੱਚ ਇੱਕ ਛੋਟਾ ਕੁੱਤਾ ਉਸ ‘ਤੇ ਲਗਾਤਾਰ ਭੌਂਕਦਾ ਰਹਿੰਦਾ ਸੀ। ਇਹ ਸਥਿਤੀ ਮੈਨੂੰ ਉਸ ਘਟਨਾ ਦੀ ਯਾਦ ਦਿਵਾਉਂਦੀ ਹੈ, ਕਾਫੀ ਸਮੇਂ ਤੱਕ ਜਰਮਨ ਸੇਫਰਡ ਉਸਨੂੰ ਨਜ਼ਰ ਅੰਦਾਜ਼ ਕਰਦਾ ਰਿਹਾ ਪਰ ਇੱਕ ਦਿਨ ਉਸਦਾ ਸਬਰ ਖ਼ਤਮ ਹੋ ਗਿਆ”। ਦੱਸ ਦੇਈਏ ਕਿ ਕੈਨੇਡਾ ਤੇ ਅਮਰੀਕਾ ਦੇ ਵਿਚਕਾਰ 19 ਤੋਂ 21 ਅਗਸਤ ਤੱਕ ਤਿੰਨ ਦਿਨਾਂ ਦੀ ਮੀਟਿੰਗ ਤੋਂ ਬਾਅਦ ਵੀ ਵਪਾਰਕ ਸਮਝੌਤਾ ਸਿਰੇ ਨਹੀਂ ਚੜਿਆ ਜਿਸ ਤੋਂ ਬਾਅਦ ਅਮਰੀਕਾ, ਕੈਨੇਡਾ ‘ਤੇ ਅੱਗ ਬਬੂਲਾ ਹੋ ਗਿਆ। ਅਮਰੀਕੀ ਵਿੱਤ ਮੰਤਰੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ‘ਤੇ ਬਿਹਤਰੀਨ ਵਪਾਰ ਸਮਝੌਤੇ ਨੂੰ ਠੁਕਰਾਉਣ ਦੇ ਦੋਸ਼ ਵੀ ਲਗਾਏ। ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕਾ ਨੇ ਆਖਰੀ ਮੌਕੇ ‘ਤੇ ਸਮਝੌਤੇ ਦੀਆਂ ਸ਼ਰਤਾਂ ਬਦਲ ਦਿੱਤੀਆਂ ਸਨ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰਕ ਸਮਝੌਤਾ ਸਿਰੇ ਨਾ ਚੜ੍ਹਨ ਤੋਂ ਬਾਅਦ 22 ਅਗਸਤ ਤੋਂ ਕੈਨੇਡਾ ਦੇ 20 ਅਰਬ ਡਾਲਰ ਦੇ ਸਮਾਨ ‘ਤੇ 50 ਫੀਸਦੀ ਟੈਰਿਫ ਲਾਗੂ ਕਰ ਦਿੱਤਾ ਹੈ। ਅਮਰੀਕਾ ਵੱਲੋਂ ਲਗਾਇਆ ਇਹ ਟੈਰਿਫ ਕੈਨੇਡਾ ਤੋਂ ਅਮਰੀਕਾ ਭੇਜੇ ਜਾਣ ਵਾਲੇ ਕੁੱਲ ਸਮਾਨ ਦਾ ਕਰੀਬ 5 ਫੀਸਦੀ ਬਣਦਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਟੈਰਿਫ ਨੂੰ ਕੈਨੇਡਾ ‘ਤੇ ਹਮਲਾ ਦੱਸਦੇ ਹੋਏ ਕਿਹਾ ਕਿ “ਅਸੀਂ ਜੰਗ ਵਿੱਚ ਹਾਂ ਕਿਉਂਕਿ ਸਾਡੇ ‘ਤੇ ਹਮਲਾ ਹੋਇਆ ਹੈ”। ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰਕ ਯੁੱਧ ਦੇ ਚਲਦਿਆਂ ਕੈਨੇਡਾ ਨੇ ਵੀ ਅਮਰੀਕਾ ਦੇ 50 ਫੀਸਦੀ ਜਵਾਬੀ ਟੈਰਿਫ ‘ਤੇ ਕਾਰਵਾਈ ਦਾ ਐਲਾਨ ਕਰਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਟੈਰਿਫ ਦਾ “ਡਾਲਰ-ਫਾਰ-ਡਾਲਰ” ਜਵਾਬ ਦੇਵਾਂਗੇ। ਹੁਣ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰਕ ਤਣਾਓ ਪੂਰਾ ਵਧਿਆ ਹੋਇਆ ਹੈ ਅਮਰੀਕਾ ਤੇ ਕੈਨੇਡਾ ਇੱਕ ਦੂਸਰੇ ਦੇ ਸਭ ਤੋਂ ਵੱਡੇ ਵਪਾਰਿਕ ਸਾਂਝੇਦਾਰੀ ‘ਚ ਸ਼ਾਮਿਲ ਹਨ। ਇਸ ਲਈ ਦੋਵਾਂ ਦੇਸ਼ਾਂ ਦੇ ਟੈਰਿਫ ਵਧਣ ਦਾ ਦੋਵਾਂ ਦੇਸ਼ਾਂ ਦੇ ਕਾਰੋਬਾਰ ਅਤੇ ਸਮਾਨ ਦੀਆਂ ਕੀਮਤਾਂ ‘ਤੇ ਅਸਰ ਪੈਣ ਦਾ ਅਨੁਮਾਨ ਹੈ। ਦੋਵਾਂ ਦੇਸ਼ਾਂ ਦੇ ਵਿਚਕਾਰੇ ਵਪਾਰਕ ਤਣਾਓ ਹੋਰ ਵਧਣ ਦੇ ਆਸਾਰ ਹਨ ਕਿਉਂਕਿ ਕੈਨੇਡਾ ਹੁਣ ਗੱਲਬਾਤ ਦੇ ਮੂਡ ਵਿੱਚ ਨਹੀਂ ਹੈ। ਅਮਰੀਕਾ ਤੇ ਕਨੇਡਾ ਦੇ ਵਿਚਕਾਰ ਇਹ ਤਣਾਓ ਤਾਜ਼ਾ ਨਹੀਂ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਗੱਲ ਕਈ ਵਾਰ ਕਰ ਚੁੱਕੇ ਹਨ। ਟਰੰਪ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਜ਼ਾਕੀਆ ਲਹਿਜ਼ੇ ‘ਚ ਗਵਰਨਰ ਕਹਿ ਕੇ ਵੀ ਕਈ ਵਾਰ ਸੰਬੋਧਨ ਕਰ ਚੁੱਕੇ ਹਨ। ਦੂਜੇ ਪਾਸੇ ਅਮਰੀਕਾ ਤੇ ਕੈਨੇਡਾ ਦੇ ਵਿਚਕਾਰ ਸਰਹੱਦ ਸੁਰੱਖਿਆ ਦੀਆਂ ਚਿੰਤਾਵਾਂ ਵੀ ਵਿਵਾਦ ਦਾ ਵੱਡਾ ਕਾਰਨ ਬਣੀਆਂ ਹੋਈਆਂ ਹਨ। ਟਰੰਪ ਪ੍ਰਸ਼ਾਸਨ ਦਾ ਦੋਸ਼ ਰਿਹਾ ਹੈ ਕਿ ਕੈਨੇਡਾ ਦੀ ਉੱਤਰੀ ਸੀਮਾ ‘ਤੇ ਗ਼ੈਰ ਕਾਨੂੰਨੀ ਪ੍ਰਵਾਸੀਆਂ ਦੀ ਘੁਸਪੈਠ ਅਤੇ ਖ਼ਤਰਨਾਕ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਵਧ ਰਹੀ ਹੈ। ਅਮਰੀਕਾ ਨੇ ਕੈਨੇਡਾ ਤੋਂ ਆਪਣੀ ਸਰਹੱਦਾਂ ‘ਤੇ ਸਖ਼ਤ ਨਿਗਰਾਨੀ ਦੀ ਮੰਗ ਵੀ ਕੀਤੀ ਹੈ।