-ਕੌਣ ਹੈ 29 ਏਕੜ ‘ਤੇ ਕਬਜ਼ਾ ਕਰਨ ਵਾਲਾ ਸੇਵਾਮੁਕਤ ਕੈਪਟਨ
-ਕਿਉਂ ਲੁਕੋ ਕੇ ਰੱਖੀ ਮੰਤਰੀ ਨੇ ਕਬਜ਼ਾਧਾਰੀ ਕੈਪਟਨ ਦੀ ਅਸਲੀਅਤ
ਬਰਨਾਲਾ 29 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-
ਬੀਤੇ ਕੱਲ੍ਹ ਆਮ ਆਦਮੀ ਪਾਰਟੀ ਨੇ ਪੰਚਾਇਤੀ ਜ਼ਮੀਨ ਦੇ ਇੱਕ ਵੱਡੇ ਟੁਕੜੇ ਤੋਂ ਨਾਜਾਇਜ਼ ਕਬਜ਼ਾ ਖ਼ਤਮ ਕਰਵਾਇਆ। ਲਗਪਗ 29 ਏਕੜ ਜ਼ਮੀਨ ਦਾ ਇਹ ਰਕਬਾ ਸਿਸਵਾਂ ਫਾਰਮ ਅਤੇ ਸੁਖਵਿਲਾ ਦੇ ਨੇੜੇ ਹੈ।ਜ਼ਮੀਨ ਦੀ ਲੋਕੇਸ਼ਨ ਤੋਂ ਹੀ ਇਸ ਦੀ ਕੀਮਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਭਗਵੰਤ ਮਾਨ ਸਰਕਾਰ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਸ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛਡਵਾਉਣ ਨੂੰ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਦੱਸ ਰਹੇ ਹਨ। ਅਸਲ ਵਿੱਚ ਇਹ ਪ੍ਰਾਪਤੀ ਹੈ ਵੀ ਵੱਡੀ ਕਿਉਂਕਿ ਇਹ ਉਹ ਕੰਮ ਹੈ ਜਿਹੜਾ ਪਹਿਲੀਆਂ ਸਰਕਾਰਾਂ ਨੇ ਪਤਾ ਹੋਣ ਦੇ ਬਾਵਜੂਦ ਵੀ ਇਹ ਕਬਜ਼ਾ ਛੁਡਵਾਉਣ ਦੀ ਖੇਚਲ ਨਹੀਂ ਕੀਤੀ।ਜ਼ਮੀਨ ਦੇ ਇਸ ਰਕਬੇ ‘ਤੇ ਨਾਜਾਇਜ਼ ਕਬਜ਼ਾਧਾਰੀ ਸੇਵਾਮੁਕਤ ਕੈਪਟਨ ਬਿਕਰਮਜੀਤ ਸਿੰਘ ਤਾਂ ਕੈਪਟਨ ਅਮਰਿੰਦਰ ਸਿੰਘ ਦਾ 2002 ਦੀ ਸਰਕਾਰ ਵੇਲੇ ਓਐਸਡੀ ਵੀ ਰਿਹਾ ਹੈ। ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਬਜ਼ਾਧਾਰੀ ਕੈਪਟਨ ਬਿਕਰਮਜੀਤ ਸਿੰਘ ਦੀ ਸਿਸਵਾਂ ਫਾਰਮ ਤੇ ਸੁੱਖਵਿਲਾ ਨਾਲ ਸਾਂਝ ਜ਼ਾਹਰ ਕਰਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡਣਾ ਚਾਹੁੰਦੇ ਹਨ ਪ੍ਰੰਤੂ ਇਸ ਜ਼ਮੀਨ ਉਪਰ ਕਬਜ਼ਾਧਾਰੀ ਰਹੇ ਕੈਪਟਨ ਬਿਕਰਮਜੀਤ ਸਿੰਘ ਨਾਲ ਜੁੜਿਆ ਇੱਕ ਦਿਲਚਸਪ ਤੱਥ ਹੋਰ ਵੀ ਹੈ ਜਿਸ ਤੋਂ ਪੰਚਾਇਤ ਮੰਤਰੀ ਜਾਣ ਬੁੱਝ ਕੇ ਅਣਜਾਣ ਬਣ ਰਹੇ ਹਨ ਜਾਂ ਫਿਰ ਇੰਝ ਕਹਿ ਲਿਆ ਜਾਵੇ ਕਿ ਬਿੱਲੀ ਕਬੂਤਰ ਨੂੰ ਵੇਖ ਕੇ ਅੱਖਾਂ ਮੀਚ ਰਹੀ ਹੈ। ਅਸਲ ਵਿੱਚ ਕੈਪਟਨ ਬਿਕਰਮਜੀਤ ਸਿੰਘ ਦੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਸਾਂਝ ਜੱਗ ਜ਼ਾਹਿਰ ਹੈ। ਕੈਪਟਨ ਬਿਕਰਮਜੀਤ ਸਿੰਘ 2017 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਖੇਮਕਰਨ ਹਲਕੇ ਤੋਂ ਚੋਣ ਵੀ ਲੜ ਚੁੱਕੇ ਹਨ ਅਤੇ ਉਹ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਦੇ ਤੌਰ ‘ਤੇ ਵੀ ਨਿਯੁਕਤ ਰਹੇ ਹਨ। ਪੰਚਾਇਤ ਮੰਤਰੀ ਇਹ ਨਾਜਾਇਜ਼ ਕਬਜ਼ਾ ਛਡਵਾਉਣ ਦੀ ਕਾਰਵਾਈ ਨੂੰ ਜਦੋਂ ਸਿਸਵਾਂ ਫ਼ਾਰਮ ਤੇ ਸੁੱਖਵਿਲਾ ਨਾਲ ਜੋੜ ਰਹੇ ਹਨ ਤਾਂ ਉਨ੍ਹਾਂ ਨੂੰ ਇਹ ਵੀ ਨਹੀਂ ਲੁਕਾਉਣਾ ਚਾਹੀਦਾ ਹੈ ਕਿ ਇਸ ਜ਼ਮੀਨ ਉਪਰ ਕਬਜ਼ਾ ਕਰਨ ਵਾਲਾ ਕੈਪਟਨ ਬਿਕਰਮਜੀਤ ਸਿੰਘ ਆਮ ਆਦਮੀ ਪਾਰਟੀ ਦਾ ਵੀ ਸੀਨੀਅਰ ਆਗੂ ਰਿਹਾ ਹੈ,ਬਲਕਿ ਅਜਿਹਾ ਮੰਨਣ ਨਾਲ ਤਾਂ ਉਨ੍ਹਾਂ ਦੀ ਹੋਰ ਵੀ ਬੱਲੇ ਬੱਲੇ ਹੋਣੀ ਸੀ । 29 ਏਕੜ ਜ਼ਮੀਨ ਦੇ ਰਕਬੇ ਤੋਂ ਕਬਜ਼ਾ ਛੁਡਵਾਉਣ ਸਬੰਧੀ ਪੰਚਾਇਤ ਮੰਤਰੀ ਦੇ ਪ੍ਰਚਾਰ ਨੂੰ ਕੁਝ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ “ਆਪਣੀਆਂ ਕੱਛ ‘ਚ… ਦੂਜੇ ਦੀਆਂ ਹੱਥ ਵਿੱਚ” ਹੀ ਰਹਿੰਦੀਆਂ ਹਨ। ਬਹਰਹਾਲ ! ਇਸ ਜ਼ਮੀਨ ਉਪਰ ਨਾਜਾਇਜ਼ ਕਬਜ਼ਾ ਕਰਨ ਵਾਲਾ ਕੈਪਟਨ ਬਿਕਰਮਜੀਤ ਸਿੰਘ ਅੱਜਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਅਹੁਦੇ ‘ਤੇ ਨਿਯੁਕਤ ਹੈ ਕਿਉਂਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਸੀ। ਰਾਜਨੀਤਕ ਹਲਕਿਆਂ ਵਿੱਚ ਚਰਚਾ ਤਾਂ ਇਹ ਵੀ ਹੈ ਕਿ ਕੈਪਟਨ ਬਿਕਰਮਜੀਤ ਸਿੰਘ ਦੀ ਆਮ ਆਦਮੀ ਪਾਰਟੀ ਦੀ ਦਿੱਲੀ ਹਾਈ ਕਮਾਂਡ ਨਾਲ ਕਾਫੀ ਗੂੜ੍ਹੀ ਸਾਂਝ ਰਹੀ ਹੈ ਇਸ ਕਰਕੇ ਆਮ ਆਦਮੀ ਪਾਰਟੀ ਦੀ ਦਿੱਲੀ ਹਾਈਕਮਾਂਡ ਨੂੰ ਕੈਪਟਨ ਬਿਕਰਮਜੀਤ ਸਿੰਘ ਦਾ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਖੁਸ਼ਗਵਾਰ ਨਹੀਂ ਲੱਗਿਆ । ਉਂਜ ਤਾਂ ਭਾਵੇਂ ਕੈਪਟਨ ਬਿਕਰਮਜੀਤ ਸਿੰਘ ਨੂੰ ਸਿਆਸੀ ਗੋਟੀਆਂ ਫਿੱਟ ਕਰਨ ਦਾ ਮਾਹਿਰ ਮੰਨਿਆ ਜਾ ਰਿਹਾ ਪ੍ਰੰਤੂ ਆਮ ਆਦਮੀ ਪਾਰਟੀ ਦੀ ਦਿੱਲੀ ਹਾਈਕਮਾਂਡ ਨਾਲ ਵਿਗਾੜ ਪੈਦਾ ਕਰਨ ਤੋਂ ਬਾਅਦ “ਬੱਕਰੇ ਦੀ ਮਾਂ” ਬਹੁਤਾ ਚਿਰ ਖ਼ੈਰ ਨਾ ਮਨਾ ਸਕੀ। ਬਹਰਹਾਲ ! ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਉਪਰ ਕੀਤੇ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਕਾਰਵਾਈ ਲਈ ਪਿੱਠ ਥਾਪੜਣੀ ਬਣਦੀ ਹੈ ਅਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਮੁਹਿੰਮ ਜਾਰੀ ਰਹੇਗੀ ਅਤੇ ਪਿੰਡਾਂ ਤੱਕ ਵੀ ਪਹੁੰਚੇਗੀ ਜਿੱਥੇ ਸਥਾਨਕ ਪੱਧਰ ਦੇ ਸਿਆਸੀ ਲੰਬੜਦਾਰਾਂ ਨੇ ਪੰਚਾਇਤੀ ਜ਼ਮੀਨਾਂ ਉੱਪਰ ਕਈ ਵਰ੍ਹਿਆਂ ਤੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ।