-10 ਮਈ ਨੂੰ ਰਿਪੋਰਟ ਪੇਸ਼ ਕਰਨ ਲਈ ਬੀਡੀਪੀਓ ਅਤੇ ਡੀਐਸਪੀ ਨੂੰ ਦਿੱਤੇ ਹੁਕਮ
–ਦਲਿਤਾਂ ਦੇ ਕੰਮਾ ਵੱਲ ਵਿਸ਼ੇਸ਼ ਧਿਆਨ ਦੇਣ ਅਧਿਕਾਰੀ : ਪੂਨਮ ਕਾਂਗੜਾ
ਬਰਨਾਲਾ, 29 ਅਪ੍ਰੈਲ (ਨਿਰਮਲ ਸਿੰਘ ਪੰਡੋਰੀ) :
ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋ ਕਲਾਂ ਦੇ ਪੰਚ ਨਾਲ ਪੰਚਾਇਤ ਵੱਲੋ ਕਥਿਤ ਤੌਰ ਤੇ ਦੁਰਵਿਵਹਾਰ ਕਰਨ, ਜਾਤੀ ਸੂਚਕ ਸ਼ਬਦ ਬੋਲਣ ਅਤੇ ਪੰਚ ਦੀ ਬਤੌਰ ਪੰਪ ਅਪਰੇਟਰ ਦੀ ਤਨਖ਼ਾਹ ਨਾ ਦੇਣ ਦਾ ਮਾਮਲੇ ਦੀ ਪੜਤਾਲ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੀ ਮੈਂਬਰ ਸ਼੍ਰੀਮਤੀ ਪੂਨਮ ਕਾਂਗੜਾ ਵੱਲੋ ਪਿੰਡ ਦਾ ਦੌਰਾ ਕਰਕੇ ਸ਼ਿਕਾਇਤ ਕਰਤਾ ਦਾ ਪੱਖ ਸੁਣਿਆ। ਇਸ ਮੌਕੇ ਪੰਚ ਜਸਵੰਤ ਸਿੰਘ ਨੇ ਸ਼੍ਰੀਮਤੀ ਪੂਨਮ ਕਾਂਗੜਾ ਨੂੰ ਦੱਸਿਆ ਕਿ ਬੀਤੇ ਸਮੇਂ ਪੰਚਾਇਤ ਵੱਲੋ ਐਸਸੀ ਵਰਗ ਦੀ ਹਿੱਸੇ ਦੀ ਥਾਂ ਕਥਿਤ ਤੌਰ ‘ਤੇ ਜਨਰਲ ਵਰਗ ਨੂੰ ਮਿਲੀਭੁਗਤ ਕਰਕੇ ਦੇਣ ਦੀ ਯੋਜਨਾ ਬਣਾਈ ਗਈ ਸੀ ਜਿਸ ਦਾ ਉਨ੍ਹਾਂ ਵੱਲੋ ਵਿਰੋਧ ਕੀਤਾ ਗਿਆ। ਜ਼ਮੀਨ ਦੀ ਬੋਲੀ ਰੱਦ ਕਰਵਾ ਕੇ ਉਹ ਜ਼ਮੀਨ ਐਸਸੀ ਵਰਗ ਨੂੰ ਦਿਵਾਈ ਗਈ ਜਿਸ ਕਾਰਨ ਪੰਚਾਇਤ ਵੱਲੋ ਉਨਾਂ ਨਾਲ ਜਾਤੀ ਤੌਰ ’ਤੇ ਦੁਰਵਿਵਹਾਰ ਕਰਨ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਪੰਚਾਇਤ ਕੋਲ ਪਿੱਛਲੇ ਕਈ ਸਾਲਾ ਤੋਂ ਬਤੌਰ ਪੰਪ ਅਪਰੇਟਰ ਕੰਮ ਕਰ ਰਹੇ ਹਨ ਪ੍ਰੰਤੂ ਪਿਛਲੇਂ ਤਿੰਨ ਸਾਲ ਤੋਂ ਵੀ ਵੱਧ ਸਮੇਂ ਤੋਂ ਪੰਚਾਇਤ ਵੱਲੋ ਉਨ੍ਹਾਂ ਨੂੰ ਬਣਦੀ ਤਨਖਾਹ ਕਥਿਤ ਤੌਰ ਉੱਤੇ ਨਹੀ ਦਿੱਤੀ ਗਈ, ਜਦ ਉਨ੍ਹਾਂ ਆਪਣੀ ਤਨਖਾਹ ਸਬੰਧੀ ਕਿਹਾ ਤਾਂ ਪਿੰਡ ਦੀ ਸਰਪੰਚ, ਉਸਦੇ ਪਤੀ ਅਤੇ ਕੁੱਝ ਹੋਰ ਵਿਅਕਤੀਆ ਵੱਲੋ ਉਨਾਂ ਨੂੰ ਕਥਿਤ ਤੌਰ ਉੱਤੇ ਅਪਸ਼ਬਦ ਅਤੇ ਜਾਤੀ ਸੂਚਕ ਸ਼ਬਦ ਬੋਲੇ ਗਏ। ਇਸ ਮੌਕੇ ਸ਼੍ਰੀਮਤੀ ਪੂਨਮ ਕਾਂਗੜਾ ਵੱਲੋ ਬੀਡੀਪੀਓ ਬਰਨਾਲਾ ਨੂੰ ਹੁਕਮ ਦਿੱਤੇ ਕਿ ਉਹ ਜਸਵੰਤ ਸਿੰਘ ਦੀ ਬਤੌਰ ਪੰਪ ਅਪਰੇਟਰ ਬਣਦੀ ਸਾਰੀ ਤਨਖਾਹ ਦਿਵਾ ਕਿ 10 ਮਈ ਨੂੰ ਖੁਦ ਨਿਜੀ ਤੌਰ ’ਤੇ ਐਸਸੀ ਕਮਿਸ਼ਨ ਦੇ ਦਫਤਰ ਸਿਵਲ ਸਕੱਤਰੇਤ ਚੰਡੀਗੜ ਵਿਖੇ ਰਿਪੋਰਟ ਪੇਸ਼ ਕਰਨ। ਸ਼੍ਰੀਮਤੀ ਪੂਨਮ ਕਾਂਗੜਾ ਨੇ ਡੀਐਸਪੀ ਤਪਾ ਗੁਰਵਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਬਾਕੀ ਦੋਸ਼ਾਂ ਦੀ ਪੜਤਾਲ ਕਰਕੇ 10 ਮਈ ਤੰਕ ਰਿਪੋਰਟ ਪੇਸ਼ ਕੀਤੀ ਜਾਵੇ। ਸ਼੍ਰੀਮਤੀ ਪੂਨਮ ਕਾਂਗੜਾ ਨੇ ਅਧਿਕਾਰੀਆ ਨੂੰ ਕਿਹਾ ਕਿ ਉਹ ਐਸਸੀ ਵਰਗ ਦੀਆ ਪੈਂਡਿੰਗ ਪਈਆਂ ਸ਼ਿਕਾਇਤਾਂ ਵੱਲ ਵਿਸ਼ੇਸ਼ ਧਿਆਨ ਦੇਣ। ਢਿੱਲੀ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆ ਵਿਰੁੱਧ ਕਮਿਸ਼ਨ ਵੱਲੋ ਐਕਸ਼ਨ ਲਿਆ ਜਾਵੇਗਾ। ਇਸ ਮੌਕੇ ਅਨਿਲ ਕੁਮਾਰ ਐਸ ਪੀ (ਡੀ), ਅਵਤਾਰ ਸਿੰਘ ਨਾਇਬ ਤਹਿਸੀਲਦਾਰ, ਮੋਨੂ ਗਰਗ ਤਹਿਸੀਲ ਭਲਾਈ ਅਫ਼ਸਰ, ਗੁਰਵਿੰਦਰ ਸਿੰਘ ਡੀਐਸਪੀ, ਸੁਖਜੀਤ ਸਿੰਘ ਐਸਐਚਓ ਰੂੜੇਕੇ, ਰਾਜੇਸ਼ ਲੋਟ ਸੰਗਰੂਰ, ਰਵੀ ਕੁਮਾਰ ਆਦਿ ਹਾਜ਼ਰ ਸਨ।
