-ਕੁਝ ਅਧਿਆਪਕਾਂ ਨੇ ਸਿੱਖਿਆ ਵਿਭਾਗ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਦਿੱਤੀ ਸਲਾਹ
ਬਰਨਾਲਾ 18 ਮਈ (ਨਿਰਮਲ ਸਿੰਘ ਪੰਡੋਰੀ)-ਲੰਘੀ 10 ਮਈ ਨੂੰ ਲੁਧਿਆਣਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੂਬੇ ਦੇ ਪ੍ਰਿੰਸੀਪਲਾਂ ਤੇ ਹੈੱਡਮਾਸਟਰਾਂ ਦੇ ਇਕ ਸਮਾਗਮ ਵਿਚ ਰੋਟੀ ਖਾਣ ਵਾਲੀਆਂ ਪਲੇਟਾਂ ਲਈ ਲੜਨ ਵਾਲੇ ਅਧਿਆਪਕਾਂ ਦੀ ਪੇਸ਼ੀ ਪੈ ਗਈ ਹੈ। ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਨ੍ਹਾਂ ਪ੍ਰਿੰਸੀਪਲਾਂ ਤੇ ਹੈੱਡਮਾਸਟਰਾਂ ਨੂੰ ਅਨੁਸ਼ਾਸਨੀ ਕਾਰਵਾਈ ਦੇ ਦੋਸ਼ਾਂ ਤਹਿਤ 20 ਮਈ ਨੂੰ ਤਲਬ ਕੀਤਾ ਹੈ। ਤਲਬ ਕੀਤੇ ਗਏ ਇਹ ਅਧਿਆਪਕ ਗੁਰਦਾਸਪੁਰ ਅਤੇ ਫਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਤ ਹਨ ਜਿਨ੍ਹਾਂ ਦੇ ਨਾਲ ਉਕਤ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਅਧਿਆਪਕਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਖਾਣੇ ਵਾਲੀ ਟੇਬਲ ‘ਤੇ ਪਲੇਟਾਂ ਪ੍ਰਾਪਤ ਕਰਨ ਲਈ ਅਧਿਆਪਕਾਂ ਦੀ ਹੁੱਲੜਬਾਜ਼ੀ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈ ਸੀ ਜਿਸ ਉਪਰ ਵੱਖ ਵੱਖ ਤਰ੍ਹਾਂ ਦੀਆਂ ਟਿੱਪਣੀਆਂ ਵੀ ਸਾਹਮਣੇ ਆਈਆਂ। ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਦੀ ਇਸ ਹਰਕਤ ਦੇ ਕਾਰਨ ਵਿਭਾਗ ਦਾ ਅਕਸ ਖਰਾਬ ਹੋਇਆ ਹੈ ਕਿਉਂਕਿ ਅਧਿਆਪਕ ਹੀ ਬੱਚਿਆਂ ਨੂੰ ਅਨੁਸ਼ਾਸਨ ਦੀ ਪਾਲਣਾ ਕਰਨਾ ਸਿਖਾਉਂਦੇ ਹਨ।
ਦੂਜੇ ਪਾਸੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਉਕਤ ਸਮਾਗਮ ਵਿਚ ਸ਼ਾਮਲ ਹੋਏ ਕੁੱਝ ਪ੍ਰਿੰਸੀਪਲਾਂ ਨੇ ਸਿੱਖਿਆ ਵਿਭਾਗ ਵੱਲੋਂ ਕੁਝ ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਨੂੰ ਤਲਬ ਕੀਤੇ ਜਾਣ ਦੀ ਕਾਰਵਾਈ ਨੂੰ ਗਲਤ ਦੱਸਦੇ ਹੋਏ ਕਿਹਾ ਹੈ ਕਿ ਵਿਭਾਗ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਕਿਉਂਕਿ ਸਮਾਗਮ ਵਿੱਚ ਸ਼ਾਮਲ ਅਧਿਆਪਕਾਂ ਦੀ ਗਿਣਤੀ ਦੇ ਅਨੁਸਾਰ ਖਾਣੇ ਦੇ ਟੇਬਲਾਂ ਦਾ ਪ੍ਰਬੰਧ ਨਹੀਂ ਸੀ। ਅਧਿਆਪਕਾਂ ਨੇ ਸਵਾਲ ਕੀਤਾ ਕਿ ਜੇਕਰ ਲੱਖਾਂ ਰੁਪਏ ਦੇ ਸਮਾਗਮ ਵਿੱਚ ਵੀ ਖਾਣਾ ਖਾਣ ਲਈ ਅਧਿਆਪਕਾਂ ਨੂੰ ਪਲੇਟਾਂ ਪ੍ਰਾਪਤ ਕਰਨ ਲਈ ਜੱਦੋ ਜਹਿਦ ਕਰਨੀ ਪਈ ਤਾਂ ਇਸ ਸਬੰਧੀ ਵਿਭਾਗ ਨੂੰ ਖੁਦ ਪੜਤਾਲ ਕਰਨੀ ਚਾਹੀਦੀ ਹੈ ਕਿ ਅਜਿਹਾ ਕਿਉਂ ਹੋਇਆ। ਅਧਿਆਪਕਾਂ ਨੇ ਇਹ ਵੀ ਸਵਾਲ ਕੀਤਾ ਕਿ ਕੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਇਸ ਨੂੰ ਜਾਇਜ਼ ਮੰਨਦੇ ਹਨ ਕਿ ਕਈ ਘੰਟਿਆਂ ਦੇ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਾਣਾ ਖਾਣ ਮੌਕੇ ਲੰਮਾ ਸਮਾਂ ਲਾਈਨ ਵਿੱਚ ਲੱਗਣਾ ਪਵੇ ਜ ਜਾਂ ਫਿਰ ਖਾਣੇ ਵਾਲੀ ਟੇਬਲ ‘ਤੇ ਅਧਿਆਪਕਾਂ ਦੀ ਗਿਣਤੀ ਅਨੁਸਾਰ ਪਲੇਟਾਂ ਦਾ ਉਚਿਤ ਪ੍ਰਬੰਧ ਨਾ ਹੋਵੇ। ਇਕ ਅਧਿਆਪਕ ਜਥੇਬੰਦੀ ਦੇ ਆਗੂ ਨੇ ਕਿਹਾ ਕਿ ਖਾਣੇ ਵਾਲੀਆਂ ਪਲੇਟਾਂ ਪ੍ਰਾਪਤ ਕਰਨ ਲਈ ਅਧਿਆਪਕਾਂ ਦੇ ਯਤਨਾਂ ਨੂੰ ਹੁੱਲੜਬਾਜ਼ੀ ਨਹੀਂ ਕਹਿਣਾ ਚਾਹੀਦਾ ਸਗੋਂ ਇਹ ਅਧਿਆਪਕਾਂ ਦੀ ਜੱਦੋ ਜਹਿਦ ਸੀ ਅਤੇ ਉੱਚ ਅਧਿਕਾਰੀਆਂ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਇਹ ਵੇਖਣਾ ਚਾਹੀਦਾ ਹੈ ਕਿ ਅਧਿਆਪਕਾਂ ਨੂੰ ਖਾਣਾ ਖਾਣ ਲਈ ਪਲੇਟਾਂ ਪ੍ਰਾਪਤ ਕਰਨ ਦੀ ਜੱਦੋ ਜਹਿਦ ਕਿਉਂ ਕਰਨੀ ਪਈ ?
