ਬਰਨਾਲਾ, 13 ਅਗਸਤ (ਨਿਰਮਲ ਸਿੰਘ ਪੰਡੋਰੀ) :
ਭਾਰਤ ਆਜ਼ਾਦੀ ਦੀ 75ਵੀਂ ਵਰੇਗੰਢ ਮਨਾ ਰਿਹਾ ਹੈ। ਇਸ ਵਾਰ ਆਜ਼ਾਦੀ ਦਿਵਸ ਦੇ ਜਸ਼ਨ ਪਹਿਲਾਂ ਨਾਲੋ ਕੁਝ ਵੱਖਰੇ ਨਜ਼ਰ ਆ ਰਹੇ ਹਨ। ਕਦੇ ਹੁੰਦਾ ਸੀ ਕਿ ਲਾਲ ਕਿਲੇ ’ਤੇ ਕੌਮੀ ਝੰਡਾ ਲਹਿਰਾਉਣ ਲਈ ਪਤਾ ਨਹੀਂ ਕੀ-ਕੀ ਪਾਪੜ ਵੇਲਣੇ ਪੈਂਦੇ ਸਨ। ਆਪਣੇ ਵਿਰੋਧੀਆਂ ਨਾਲ ਗੱਠਜੋੜ ਕਰਨਾ ਪੈਂਦਾ ਸੀ, ਆਪਣਿਆਂ ਦੀ ਪਿੱਠ ਵਿੱਚ ਛੁਰਾ ਮਾਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ । ਬੱਸ ! ਇੱਕ ਲਾਲ ਕਿਲੇ ’ਤੇ ਕੌਮੀ ਝੰਡਾ ਲਹਿਰਾਉਣ ਦੀ ਤਮੰਨਾ ਪੂਰੀ ਹੋ ਜਾਵੇ, ਪ੍ਰੰਤੂ ਇਸ ਵਾਰ ਹਾਲਾਤ ਕੁਝ ਵੱਖਰੇ ਨਜ਼ਰ ਆ ਰਹੇ ਹਨ। ਹਰ ਘਰ ਤਿਰੰਗਾ, ਤਿਰੰਗਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਕਦੇ-ਕਦੇ ਇੰਝ ਲਗਦਾ ਕਿ ਇੱਕ ਦੂਜੇ ਤੋਂ ਵਧ ਕੇ ਦੇਸ਼-ਭਗਤ ਸਿੱਧ ਕਰਨ ਲਈ ਦੌੜ ਜਿਹੀ ਲੱਗੀ ਹੋਈ ਹੈ। ਕਈ ਵਰਿਆਂ ਤੋਂ ਦੇਸ਼ ਨੂੰ ਲੁੱਟ ਕੇ ਖਾਣ ਵਾਲਿਆਂ ਦਾ ਦੇਸ਼-ਭਗਤੀ ਦਾ ਜਜ਼ਬਾ ਡੁੱਲ-ਡੁੱਲ ਪੈ ਰਿਹਾ ਹੈ। ਇਸ ਜਜ਼ਬੇ ਦੇ ਭਾਰ ਹੇਠ ਰੋਜ਼ਾਨਾ ਇੱਕ ਡੰਗ ਦੀ ਰੋਟੀ ਦਾ ਜੁਗਾੜ ਕਰਨ ਵਾਲੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਦੱਬੀਆਂ ਜਾ ਰਹੀਆਂ ਪ੍ਰਤੀਤ ਹੋ ਰਹੀਆਂ ਹਨ। ਕਹਿੰਦੇ ਨੇ ਕਿ ਪੇਟ ਪਈਆਂ ਰੋਟੀਆਂ ਸੱਭੇ ਗੱਲਾਂ ਖੋਟੀਆਂ, ਰੋਜ਼ ਰਾਤ ਨੂੰ ਖਾਲੀ ਪੇਟ ਥਾਪੜ ਕੇ ਪੈਣ ਵਾਲੇ ਲੋਕ ਦੇਸ਼-ਭਗਤੀ ਦੇ ਜਜ਼ਬੇ ਦੇ ਨੇੜੇ ਕਿਵੇ ਹੋ ਸਕਦੇ ਹਨ। ਇਹ ਮਾੜੀ ਗੱਲ ਨਹੀਂ ਕਿ ਹਰ ਘਰ ’ਤੇ ਤਿਰੰਗਾ ਹੋਵੇ ਪ੍ਰੰਤੂ ਗੱਲ ਇਹ ਵੀ ਮਾੜੀ ਨਹੀਂ ਕਿ ਜਿਸ ਘਰ ਉੱਪਰ ਦੇਸ਼ ਦਾ ਕੌਮੀ ਝੰਡਾ ਤਿਰੰਗਾ ਝੂਲ ਰਿਹਾ ਹੈ ਉਸ ਘਰ ਅੰਦਰ ਕੋਈ ਖਾਲੀ ਪੇਟ ਥਾਪੜ ਕੇ ਨਾ ਸੌਂ ਜਾਵੇ । ਤਿਰੰਗੇ ਦਾ ਸਨਮਾਨ ਹਰ ਦੇਸ਼ ਵਾਸੀ ਦੇ ਮਨ ਵਿੱਚ ਹੈ, ਇੱਕ ਸੱਚਾ ਦੇਸ਼-ਭਗਤ ਆਪਣੇ ਦੇਸ਼ ਨੂੰ ਕੁਝ ਇਸ ਤਰਾਂ ਪਿਆਰ ਕਰਦਾ ਹੈ ਜਿਵੇ ਉਸ ਦੇ ਸਿਰ ਉੱਪਰ ਹਰ ਵਖਤ ਕੌਮੀ ਝੰਡਾ ਝੂਲ ਰਿਹਾ ਹੋਵੇ। 75 ਵਰਿਆਂ ਦੀ ਪ੍ਰਾਪਤੀ ਦਾ ਲੇਖਾ-ਜੋਖਾ ਕਰਨ ਮੌਕੇ ਇਹ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ 75 ਵਰਿਆਂ ਦੇ ਲੰਮੇ ਸਮੇਂ ਵਿੱਚ ਘਰ-ਘਰ , ਹਰ ਘਰ ਦੇਸ਼-ਭਗਤੀ ਦਾ ਜਜ਼ਬਾ ਕਿਉਂ ਨਹੀਂ ਪਹੁੰਚਿਆ। 75 ਵਰਿਆਂ ਦਾ ਇਹ ਸੰਤਾਪ ਵੀ ਧਿਆਨ ਮੰਗਦਾ ਹੈ ਕਿ ਦੇਸ਼ ਦੀ ਤਰੱਕੀ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਬਹੁ-ਮੰਜ਼ਲੀ ਇਮਾਰਤਾਂ ਦਾ ਸਿਰਜਕ ਅੱਜ ਵੀ ਉਥੇ ਹੀ ਖੜਾ ਹੈ, ਜਿੱਥੇ 75 ਵਰੇ ਪਹਿਲਾਂ ਖੜਾ ਸੀ, ਜਿਸ ਦਾ ਯੋਗਦਾਨ ਤਿਰੰਗੇ ਦੀ ਸ਼ਾਨ ਉੱਚੀ ਰੱਖਣ ਵਿੱਚ ਤਿਰੰਗਾ ਵੰਡਣ ਵਾਲਿਆਂ ਤੋਂ ਘੱਟ ਨਹੀਂ ਹੈ ਪ੍ਰੰਤੂ ਸਭ ਤੋਂ ਵੱਡੀ ਤਰਾਸਦੀ ਇਹੋ ਹੈ ਕਿ ਉਹ ਆਪਣੇ ਹਿੱਸੇ ਦਾ ਸਾਬਤ ਟੁੱਕ ਲੈਣ ਲਈ ਅੱਜ ਵੀ ਸੰਘਰਸ਼ਸੀਲ ਹੈ। ਦੇਖਿਓ! ਕਿਤੇ ਦੇਸ਼-ਭਗਤੀ ਦੇ ਜਜ਼ਬੇ ਦੇ ਭਾਰ ਹੇਠ ਇਨਾਂ ਦੀਆਂ ਭਾਵਨਾਵਾਂ ਹੋਰ ਨਾ ਦੱਬੀਆਂ ਜਾਣ।
