ਚੰਡੀਗੜ੍ਹ,1 ਜੁਲਾਈ, Gee98 news service
-ਜੇਕਰ ਕਿਸੇ ਸਰਕਾਰੀ ਕਰਮਚਾਰੀ ਦਾ ਬੇਟਾ ਜਾਂ ਬੇਟੀ ਮਾਨਸਿਕ ਤੌਰ ‘ਤੇ ਕਮਜ਼ੋਰ/ਅਸਮਰੱਥ ਹੈ ਤਾਂ ਉਹ ਪੂਰੀ ਉਮਰ ਪੈਨਸ਼ਨ ਦਾ ਹੱਕਦਾਰ ਹੈ। ਮਦਰਾਸ ਹਾਈ ਕੋਰਟ ਦੀ ਇੱਕ ਬੈਂਚ ਦੇ ਜਸਟਿਸ ਜੀਆਰ ਸਵਾਮੀਨਾਥਨ ਅਤੇ ਜਸਟਿਸ ਕੇ ਰਾਜਸ਼ੇਖਰ ਦੀ ਬੈਂਚ ਨੇ 19 ਜੂਨ 2025 ਨੂੰ ਦਿੱਤੇ ਗਏ ਫੈਸਲੇ ‘ਚ ਸੈਂਟਰਲ ਸਰਵਿਸ ਰੂਲ (ਸੀਸੀਐੱਸ ਪੈਂਸ਼ਨ ਰੂਲ) 54 (6) ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੇ ਸਰਕਾਰੀ ਕਰਮਚਾਰੀ ਦਾ ਬੇਟਾ ਜਾਂ ਬੇਟੀ ਕਿਸੇ ਦਿਵਿਆਂਗਤਾ ਜਾਂ ਮਾਨਸਿਕ ਤੌਰ ‘ਤੇ ਅਸਮਰਥ ਹੈ ਅਤੇ ਉਹ 25 ਸਾਲਾਂ ਦੀ ਉਮਰ ਪੂਰੀ ਕਰਨ ਤੋਂ ਬਾਅਦ ਵੀ ਕਮਾਈ ਕਰਨ ਦੇ ਯੋਗ ਨਹੀਂ ਹੈ ਤਾਂ ਉਸ ਨੂੰ ਪੂਰੀ ਜ਼ਿੰਦਗੀ ਪਰਿਵਾਰਕ ਪੈਨਸ਼ਨ ਮਿਲੇਗੀ। ਅਦਾਲਤ ਨੇ ਇਹ ਵੀ ਕਿਹਾ ਕਿ ਅਜਿਹੀ ਸੰਤਾਨ ਨੂੰ ਆਪਣਾ ਸਾਰੇ ਸਰੋਤਾਂ ਤੋਂ ਆਮਦਨ ਦਾ ਸਰਟੀਫਿਕੇਟ ਪੇਸ਼ ਕਰਨ ਦੀ ਵੀ ਲੋੜ ਨਹੀਂ ਸਗੋਂ ਉਸ ਵੱਲੋਂ ਪੇਸ਼ ਕੀਤਾ ਗਿਆ ਮੈਡੀਕਲ ਸਰਟੀਫਿਕੇਟ ਹੀ ਮੰਨਿਆ ਜਾਵੇਗਾ।ਅਦਾਲਤ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਪੈਨਸ਼ਨ ਨੂੰ ਕੋਈ ਖ਼ੈਰਾਤ ਜਾਂ ਤੋਹਫਾ ਨਹੀਂ ਸਗੋਂ ਇਕ ਅਧਿਕਾਰ ਮੰਨਿਆ ਜਾਣਾ ਚਾਹੀਦਾ ਹੈ। ਹਾਈਕੋਰਟ ਨੇ ਆਪਣੇ ਇਸ ਫੈਸਲੇ ‘ਚ ਸੁਪਰੀਮ ਕੋਰਟ ਦੇ 1995 ਦੇ ਭਗਵੰਤੀ ਮਮਤਾਨੀ ਬਨਾਮ ਭਾਰਤ ਸਰਕਾਰ ਦੇ ਫੈਸਲੇ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ‘ਚ ਮਾਨਸਿਕ ਤੌਰ ‘ਤੇ ਅਸਮਰਥ ਬੇਟੀ ਨੂੰ ਪਰਿਵਾਰਕ ਪੈਨਸ਼ਨ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਹਾਈਕੋਰਟ ਇੱਕ ਅਜਿਹੇ ਮਾਮਲੇ ਦੀ ਸੁਣਵਾਈ ਕਰ ਰਹੀ ਸੀ ਜਿਸ ਵਿੱਚ ਪਟੀਸ਼ਨਰ ਏਵੀ ਜੇਰਾਲਡ ਦੇ ਪਿਤਾ ਸਰਕਾਰੀ ਮੁਲਾਜ਼ਮ ਸਨ ਅਤੇ ਉਨ੍ਹਾਂ ਨੇ ਮਾਨਸਿਕ ਤੌਰ ‘ਤੇ ਕਮਜ਼ੋਰ ਆਪਣੇ ਛੋਟੇ ਭਰਾ ਲਈ ਪਰਿਵਾਰਕ ਪੈਨਸ਼ਨ ਦੀ ਮੰਗ ਕੀਤੀ ਸੀ।