ਚੰਡੀਗੜ੍ਹ,1 ਜੁਲਾਈ, Gee98 news service
ਜੇਕਰ ਤੁਸੀਂ ਪੰਜਾਬ ਤੋਂ ਆਪਣੇ ਵਹੀਕਲ ‘ਤੇ ਦਿੱਲੀ ਜਾ ਰਹੇ ਹੋ ਅਤੇ ਤੁਹਾਡੇ ਕੋਲ 15 ਸਾਲ ਪੁਰਾਣਾ ਵਹੀਕਲ ਹੈ ਤਾਂ ਤੁਹਾਨੂੰ ਇਹ ਗੱਲ ਯਾਦ ਰੱਖਣੀ ਪਵੇਗੀ ਕਿ ਤੁਸੀਂ ਦਿੱਲੀ ਦੇ ਕਿਸੇ ਪੈਟਰੋਲ ਪੰਪ ਤੋਂ ਤੇਲ ਨਹੀਂ ਪਵਾ ਸਕਦੇ ਕਿਉਂਕਿ ਦਿੱਲੀ ਸਰਕਾਰ ਨੇ ਅੱਜ ਤੋਂ ਭਾਵ 1 ਜੁਲਾਈ ਤੋਂ 15 ਸਾਲ ਪੁਰਾਣੇ ਪੈਟਰੋਲ ਅਤੇ 10 ਸਾਲ ਪੁਰਾਣੇ ਡੀਜ਼ਲ ਵਹੀਕਲ ਨੂੰ ਪੈਟਰੋਲ ਪੰਪਾਂ ਤੋਂ ਪੈਟਰੋਲ ਅਤੇ ਡੀਜ਼ਲ ਦੇਣ ਦੀ ਮਨਾਹੀ ਲਾਗੂ ਕਰ ਦਿੱਤੀ ਹੈ। ਦਿੱਲੀ ਸਰਕਾਰ ਅਤੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ EOL (ਜੀਵਨ ਦਾ ਅੰਤ ) ਵਾਹਨਾਂ ਨੂੰ ਤੇਲ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਰਾਜਧਾਨੀ ਦੇ ਕਈ ਪੈਟਰੋਲ ਪੰਪਾਂ ‘ਤੇ ANPR (ਆਟੋਮੈਟਿਕ ਨੰਬਰ ਪਲੇਟ ਰੀਡਰ) ਕੈਮਰੇ ਅਤੇ ਟਰਾਂਸਪੋਰਟ ਵਿਭਾਗ ਦੇ ਡੇਟਾ ਨਾਲ ਜੁੜੇ ਸਿਸਟਮ ਲਗਾਏ ਗਏ ਹਨ। ਇਹ ਤਕਨਾਲੋਜੀ ਪੈਟਰੋਲ ਅਤੇ ਡੀਜ਼ਲ ਭਰਨ ਲਈ ਆਉਣ ਵਾਲੇ ਵਾਹਨਾਂ ਦੀ ਮਿਆਦ ਦੀ ਪਛਾਣ ਕਰੇਗੀ ਅਤੇ ਅਲਰਟ ਜਾਰੀ ਕਰੇਗੀ। ਨਿਯਮਾਂ ਤੋਂ ਬਾਹਰ ਵਾਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਨਹੀਂ ਦਿੱਤਾ ਜਾਵੇਗਾ। ਇਹ ਸਿਸਟਮ ਪੂਰੀ ਤਰ੍ਹਾਂ ਆਟੋਮੈਟਿਕ ਹੋਵੇਗਾ,ਮਨੁੱਖੀ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ। ਪੈਟਰੋਲ ਦੇ 15 ਸਾਲ ਪੁਰਾਣੇ ਤੇ ਡੀਜ਼ਲ ਦੇ 10 ਸਾਲ ਪੁਰਾਣੇ ਵਾਹਨਾਂ ਤੋਂ ਇਲਾਵਾ ਉਨਾਂ ਸਾਰੇ ਵਾਹਨਾਂ ਨੂੰ ਵੀ ਡੀਜ਼ਲ ਅਤੇ ਪੈਟਰੋਲ ਨਹੀਂ ਮਿਲੇਗਾ ਜਿਨਾਂ ਦੀ ਰਜਿਸਟਰੇਸ਼ਨ ਖ਼ਤਮ ਹੋ ਚੁੱਕੀ ਹੈ। ਜੇਕਰ ਪੈਟਰੋਲ ਪੰਪ ਮਾਲਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।