Gee 98News

ਫੋਟੋਗ੍ਰਾਫਰਾਂ ਦਾ ਫ਼ੈਸਲਾ : ਪੰਜਾਬੀ ਵਿੱਚ ਲਿਖਣਗੇ ਦੁਕਾਨਾਂ ਦੇ ਬੋਰਡ

ਮਹਿਲ ਕਲਾਂ 31 ਦਸੰਬਰ (ਜਸਵੰਤ ਸਿੰਘ ਲਾਲੀ )-

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮਾਂ ਬੋਲੀ ਪੰਜਾਬੀ ਨੂੰ ਬਣਦਾ ਦਰਜਾ ਦੇਣ ਦੀ ਪਹਿਲਕਦਮੀ ਦਾ ਆਮ ਲੋਕਾਂ ਵੱਲੋਂ ਵੀ ਚੰਗਾ ਹੁੰਗਾਰਾ ਭਰਿਆ ਜਾ ਰਿਹਾ ਹੈ । ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਇਕਾਈ ਮਹਿਲ ਕਲਾਂ ਦੇ ਸਮੁੱਚੇ ਮੈਂਬਰਾਂ ਨੇ ਆਪਣੀਆਂ ਦੁਕਾਨਾਂ ਦੇ ਸਾਈਨ ਬੋਰਡ ਲਿਖਣ ਸਮੇਂ ਪੰਜਾਬੀ ਭਾਸ਼ਾ ਨੂੰ ਪਹਿਲ ਦੇਣ ਦਾ ਫੈਸਲਾ ਕੀਤਾ ਹੈ । ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਤਰਸੇਮ ਖ਼ਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਮਾਂ ਬੋਲੀ ਪੰਜਾਬੀ ਦੇ ਸਤਿਕਾਰ ਵਜੋਂ ਇਹ ਫੈਸਲਾ ਲਿਆ ਗਿਆ ਕਿ ਸਮੁੱਚੇ ਫੋਟੋਗ੍ਰਾਫਰਾਂ ਵੱਲੋਂ ਆਪਣੀਆਂ ਆਪਣੀਆਂ ਦੁਕਾਨਾਂ ਦੇ ਵੱਡੇ ਸਾਈਨ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣਗੇ । ਫੋਟੋਗ੍ਰਾਫਰਾਂ ਦੀ ਜਥੇਬੰਦੀ ਨੇ ਬਾਕੀ ਦੁਕਾਨਦਾਰਾਂ ਨੂੰ ਵੀ ਆਪਣੀਆਂ ਦੁਕਾਨਾਂ ਦੇ ਸਾਈਨ ਬੋਰਡ ਪੰਜਾਬੀ ਵਿੱਚ ਲਿਖਣ ਦੀ ਅਪੀਲ ਕੀਤੀ । ਇਸ ਮੌਕੇ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਦੱਖਣ ਜੋਨ ਦੇ ਜੁਆਇੰਟ ਸਕੱਤਰ ਨਿਰਮਲ ਸਿੰਘ ਪੰਡੋਰੀ, ਜ਼ਿਲ੍ਹਾ ਪ੍ਰਧਾਨ ਮਨਦੀਪ ਸ਼ਰਮਾ, ਜਗਤਾਰ ਸਿੰਘ ਗਿੱਲ, ਹਰਜਿੰਦਰ ਲਵਲੀ, ਬਲਜੀਤ ਸਿੰਘ ਅਤੇ ਲਖਵੀਰ ਸਿੰਘ ਲੀਲਾ ਨੇ ਕਿਹਾ ਕਿ ਪੰਜਾਬ ਵਿੱਚ ਮਾਂ-ਬੋਲੀ ਪੰਜਾਬੀ ਦੀ ਮੌਜੂਦਾ ਤਰਸਯੋਗ ਹਾਲਤ ਦਾ ਇਹ ਭਾਵੇਂ ਦੁੱਖਦਾਇਕ ਪਹਿਲੂ ਹੈ ਕਿ ਪੰਜਾਬੀ ਭਾਸ਼ਾ ਦੇ ਨਾਮ ‘ਤੇ ਸੂਬੇ ਵਿੱਚ ਵੀ ਮਾਂ-ਬੋਲੀ ਪੰਜਾਬੀ ਨੂੰ ਬਣਦਾ ਦਰਜਾ ਦਿਵਾਉਣ ਲਈ ਸਮੇਂ ਦੀਆਂ ਸਰਕਾਰਾਂ ਨੂੰ ਸਖ਼ਤ ਹੁਕਮ ਜਾਰੀ ਕਰਨੇ ਪੈ ਰਹੇ ਹਨ ਪ੍ਰੰਤੂ ਇਹਨਾਂ ਹਾਲਾਤਾਂ ਲਈ ਆਮ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਫੋਕੀ ਟੌਹਰ ਖ਼ਾਤਰ ਬੇਗਾਨੀਆਂ ਬੋਲੀਆਂ ਦੀਆਂ ਤਖ਼ਤੀਆਂ ਆਪਣੇ ਗਲ ਵਿਚ ਲਟਕਾਈਆਂ ਹੋਇਆ ਹਨ । ਉਨ੍ਹਾਂ ਕਿਹਾ ਕਿ ਕੋਈ ਦੂਜੀ ਭਾਸ਼ਾ ਸਿੱਖਣਾ ਮਾੜੀ ਗੱਲ ਨਹੀਂ ਹੈ, ਹਰ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ ਪ੍ਰੰਤੂ ਇਹ ਆਪਣੀ ਮਾਂ-ਬੋਲੀ ਦੀ ਕੁਰਬਾਨੀ ਦੇ ਕੇ ਨਹੀਂ ਹੋਣਾ ਚਾਹੀਦਾ ।

error: Content is protected !!