Gee 98News

SYL : ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਰਹੀ ਬੇਨਤੀਜਾ

ਭਗਵੰਤ ਮਾਨ ਨੇ ਸਤਲੁਜ ਦਾ ਪਾਣੀ ਦੇਣ ਦੀ ਬਜਾਏ ਜਮਨਾ ਦਾ ਪਾਣੀ ਮੰਗਿਆ

ਚੰਡੀਗੜ੍ਹ -ਐਸਵਾਈਐਲ ਦੇ ਮੁੱਦੇ ‘ਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਬਿਨਾਂ ਕਿਸੇ ਸਿੱਟੇ ਤੋਂ ਖਤਮ ਹੋਈ। ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਦਾ ਪੱਖ ਰੱਖਦੇ ਹੋਏ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀ ਹੈ ਇਸ ਲਈ ਕਿਸੇ ਹੋਰ ਸੂਬੇ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ । ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 42 ਸਾਲ ਪਹਿਲਾਂ ਹੋਏ ਸਮਝੌਤੇ ਨੂੰ ਅੱਜ ਦੇ ਹਲਾਤਾਂ ‘ਚ ਲਾਗੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਵੇਲੇ ਪਾਣੀਆਂ ਦੇ ਪੱਖੋਂ ਪੰਜਾਬ ਦੇ ਹਾਲਾਤ ਹੋਰ ਸਨ ਪਰ ਅੱਜ ਪੰਜਾਬ ਦਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਕੇਂਦਰ ਦੀ ਵਿਚੋਲਗੀ ਨਾਲ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਇਹ ਮੀਟਿੰਗ ਹੋਈ ਸੀ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਸੀ ਕਿ ਦੋਵੇਂ ਸੂਬੇ ਮਿਲ ਬੈਠ ਕੇ ਐਸਵਾਈਐਲ ਦੇ ਮਸਲੇ ਦਾ ਹਲ ਕੱਢਣ, ਸੁਪਰੀਮ ਕੋਰਟ ਨੇ ਇਸ ਸਬੰਧੀ ਕੇਂਦਰ ਨੂੰ ਵੀ ਹਦਾਇਤ ਦਿੱਤੀ ਸੀ। ਦੱਸਣਯੋਗ ਹੈ ਕਿ ਇਸ ਸਬੰਧੀ ਸੁਪਰੀਮ ਕੋਰਟ ਵਿੱਚ ਅਗਲੀ ਸੁਣਵਾਈ 19 ਜਨਵਰੀ ਨੂੰ ਹੈ ਜਦੋਂ ਦੋਵੇਂ ਸੂਬੇ ਆਪਣਾ ਆਪਣਾ ਪੱਖ ਰੱਖਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸੁਪਰੀਮਕੋਰਟ ਅੱਗੇ ਆਪਣਾ ਪੱਖ ਹਰਿਆਣੇ ਵਾਂਗ ਹੀ ਰੱਖੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਸਤਲੁਜ ਦਾ ਪਾਣੀ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਸਤਲੁਜ ਇਕ ਨਾਮ ਦਾ ਦਰਿਆ ਹੀ ਰਹਿ ਗਿਆ ਹੈ। ਭਗਵੰਤ ਮਾਨ ਨੇ SYL ਦੀ ਬਜਾਏ YSL ਬਣਾਉਣ ਦੀ ਗੱਲ ਵੀ ਕਹੀ ਤਾਂ ਜੋ ਯਮੁਨਾ ਦਾ ਪਾਣੀ ਸਤਲੁਜ ਨੂੰ ਦਿੱਤਾ ਜਾ ਸਕੇ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ 42 ਸਾਲ ਪਹਿਲਾਂ 1981 ਵਿੱਚ ਐਸਵਾਈਐਲ ਸਮਝੌਤਾ ਹੋਇਆ ਸੀ ਪ੍ਰੰਤੂ ਇਸ ਨੂੰ ਲਾਗੂ ਕਰਨ ਵਿੱਚ ਸਮੇਂ ਸਮੇਂ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਰੁਕਾਵਟਾਂ ਪੈਂਦੀਆਂ ਰਹੀਆਂ ਅਤੇ ਦੋਵਾਂ ਸੂਬਿਆਂ ਵਿਚਕਾਰ ਇਹ ਵਿਵਾਦ ਵਧਦਾ ਗਿਆ, ਜਿਸ ਸਬੰਧੀ ਮਾਨਯੋਗ ਸੁਪਰੀਮ ਕੋਰਟ ਵਿਚ ਸੁਣਵਾਈ ਹੋ ਰਹੀ ਹੈ।

error: Content is protected !!