Gee 98News

ਪੁਲਿਸ ਚੌਂਕੀ ‘ਚ ਰਿਪੋਰਟ ਦਰਜ ਕਰਵਾਉਣ ਆਏ ਵਿਅਕਤੀਆਂ ਨੇ ਮੁਨਸ਼ੀ ਤੇ ਦੋ ਹੋਰ ਮੁਲਾਜ਼ਮਾਂ ਦੀ ਕੀਤੀ ਕੁੱਟਮਾਰ

ਲੁਧਿਆਣਾ : ਪੰਜਾਬ ਵਿਚ ਅਮਨ ਕਾਨੂੰਨ ਦੇ ਹਾਲਾਤ ਇਸ ਮੁਕਾਮ ‘ਤੇ ਪਹੁੰਚ ਚੁੱਕੇ ਹਨ ਕਿ ਲੋਕ ਥਾਣਿਆਂ/ਪੁਲਿਸ ਚੌਕੀਆਂ ਵਿੱਚ ਵੜ ਕੇ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਲੱਗੇ ਹਨ । ਇਹ ਘਟਨਾ ਲੁਧਿਆਣਾ ਦੇ ਬਸੰਤ ਪੁਲਿਸ ਚੌਂਕੀ ਦੀ ਹੈ ਜਿਥੇ ਇਕ ਦਰਜਨ ਵਿਅਕਤੀਆਂ ਨੇ ਪੁਲਿਸ ਚੌਂਕੀ ਅੰਦਰ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਪੁਲਿਸ ਮੁਲਾਜ਼ਮਾਂ ਉਪਰ ਹਮਲਾ ਕੀਤਾ, ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਵਰਦੀਆਂ ਤੱਕ ਪਾੜ ਦਿੱਤੀਆਂ । ਜਾਣਕਾਰੀ ਅਨੁਸਾਰ ਹਮਲਾ ਕਰਨ ਵਾਲੇ ਵਿਅਕਤੀ ਪੁਲਿਸ ਚੌਂਕੀ ਵਿਚ ਇਕ ਨੌਜਵਾਨ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਉਣ ਆਏ ਸਨ ਤਾਂ ਉਨ੍ਹਾਂ ਦਾ ਹਾਜ਼ਰ ਪੁਲੀਸ ਮੁਲਾਜ਼ਮਾਂ ਨਾਲ ਕੁਝ ਤਕਰਾਰ ਹੋਇਆ ਜਿਸ ਤੋਂ ਬਾਅਦ ਰਿਪੋਰਟ ਦਰਜ ਕਰਵਾਉਣ ਆਏ ਵਿਅਕਤੀਆਂ ਨੇ ਮੁਨਸ਼ੀ ਸਮੇਤ ਦੋ ਹੋਰ ਪੁਲੀਸ ਮੁਲਾਜ਼ਮਾਂ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੀਆਂ ਵਰਦੀਆਂ ਪਾੜ ਦਿੱਤੀਆਂ । ਹਮਲਾਵਰ ਜਾਂਦੇ ਹੋਏ ਪੁਲੀਸ ਮੁਲਾਜਮਾਂ ਦੇ ਮੋਬਾਇਲ ਫੋਨ ਦੀ ਤੋੜ ਗਏ । ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਚੌਂਕੀ ਇੰਚਾਰਜ ਜਰਨੈਲ ਸਿੰਘ ਪੁੱਜੇ ਅਤੇ ਉਨ੍ਹਾਂ ਨੇ ਜ਼ਖ਼ਮੀ ਮੁਲਾਜ਼ਮਾਂ ਨੂੰ ਹਸਪਤਾਲ ਦਾਖਲ ਕਰਵਾਇਆ । ਪੁਲਿਸ ਨੇ ਇੱਕ ਜ਼ਖ਼ਮੀ ਹੌਲਦਾਰ ਦੀ ਸ਼ਿਕਾਇਤ ਉਪਰ ਇਰਾਦਾ ਕਤਲ, ਵਰਦੀ ਪਾੜਨ, ਅਤੇ ਕੁੱਟਮਾਰ ਕਰਨ ਸਬੰਧੀ ਮਾਮਲਾ ਦਰਜ ਕਰਕੇ 6 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 5 ਹੋਰ ਅਣਪਛਾਤਿਆਂ ਨੂੰ ਨਾਮਜ਼ਦ ਕੀਤਾ ਹੈ।

error: Content is protected !!