ਬਰਨਾਲਾ 20 ਜਨਵਰੀ (ਨਿਰਮਲ ਸਿੰਘ ਪੰਡੋਰੀ)-
ਸ਼ਹਿਰ ਵਿੱਚ ਇਸ ਵਾਰ 26 ਜਨਵਰੀ, ਬਸੰਤ ਪੰਚਮੀ ਵਾਲੇ ਦਿਨ ਲੋਕਾਂ ਨੂੰ ਘਰਾਂ ਦੀਆਂ ਛੱਤਾਂ ਉਪਰ ਉੱਚੀ ਆਵਾਜ਼ ਵਿੱਚ ਲੱਗੇ ਡੀਜੇ ਦੇ ਸ਼ੋਰ ਸ਼ਰਾਬੇ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਸ਼ਹਿਰ ਬਰਨਾਲਾ ਦੀ ਡੀਜੇ ਐਸੋਸੀਏਸ਼ਨ ਨੇ ਇਸ ਵਾਰ ਬਸੰਤ ਪੰਚਮੀ ਵਾਲੇ ਦਿਨ ਡੀਜੇ ਨਾ ਲਗਾਉਣ ਦਾ ਫੈਸਲਾ ਕੀਤਾ ਹੈ । ਡੀਜੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਵੀ ਨੇ ਦੱਸਿਆ ਕਿ ਇਸ ਸਬੰਧੀ ਲਿਖਤੀ ਪੱਤਰ ਮਾਨਯੋਗ ਐਸ ਐਸ ਪੀ ਬਰਨਾਲਾ ਨੂੰ ਵੀ ਦਿੱਤਾ ਗਿਆ ਹੈ ਕਿ ਇਸ ਵਾਰ ਬਸੰਤ ਪੰਚਮੀ ਵਾਲੇ ਦਿਨ ਸਾਡਾ ਕੋਈ ਮੈਂਬਰ ਡੀ ਜੇ ਨਹੀਂ ਲਗਾਵੇਗਾ ਪ੍ਰੰਤੂ ਫਿਰ ਵੀ ਜੇਕਰ ਕੋਈ ਬਾਹਰੋਂ ਆ ਕੇ ਡੀਜੇ ਲਗਾਉਂਦਾ ਹੈ ਤਾਂ ਉਸਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਸੰਤ ਪੰਚਮੀ ਵਾਲੇ ਦਿਨ ਕਈ ਵਾਰ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਕਰਕੇ ਇਹ ਫ਼ੈਸਲਾ ਲਿਆ ਗਿਆ ਹੈ । ਇਸ ਤੋਂ ਇਲਾਵਾ ਘਰਾਂ ਦੀਆਂ ਛੱਤਾਂ ਉਪਰ ਪਤੰਗ ਉਡਾਉਣ ਵਾਲਿਆਂ ਵੱਲੋਂ ਡੀਜੇ ਲਾਉਣ ਨਾਲ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਡੀਜੇ ਐਸੋਸੀਏਸ਼ਨ ਨੇ ਇਸ ਵਾਰ ਬਸੰਤ ਪੰਚਮੀ ਵਾਲੇ ਦਿਨ ਡੀਜੇ ਲਗਾਉਣ ਤੇ ਹੁੱਲੜਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ । ਸ਼ਹਿਰ ਵਾਸੀਆਂ ਵੱਲੋਂ ਸਥਾਨਕ ਡੀ ਜੇ ਐਸੋਸੀਏਸ਼ਨ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ।









