Gee 98News

ਨਵੀਆਂ ਸਬ-ਤਹਿਸੀਲਾਂ ਬਣਾਵਾਂਗੇ..ਫਿਰ ਉੱਥੇ ਥੋਨੂੰ ਅਡਜਸਟ ਕਰਾਂਗੇ- ਮੁੱਖ ਮੰਤਰੀ ਦਾ ਜ਼ੁਬਾਨੀ ਭਰੋਸਾ

ਬਰਨਾਲਾ,20 ਜਨਵਰੀ (ਨਿਰਮਲ ਸਿੰਘ ਪੰਡੋਰੀ)-

ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਵਿਖੇ ਪਿਛਲੇ 13 ਸਾਲਾਂ ਤੋਂ ਨੌਕਰੀ ਕਰ ਰਹੇ ਆਊਟਸੋਰਸ ਕਾਮਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀਆਂ/ਵਿਧਾਇਕਾਂ ਵਾਂਗ ਜ਼ੁਬਾਨੀ ਭਰੋਸਾ ਹੀ ਦਿੱਤਾ ਹੈ । ਰਮਨਪ੍ਰੀਤ ਕੌਰ ਮਾਨ ਸੂਬਾ ਪ੍ਰਧਾਨ ਆਊਟਸੋਰਸਿੰਗ ਕਰਮਚਾਰੀ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਇਹ ਕਰਮਚਾਰੀ ਪਿੰਡ ਠੀਕਰੀਵਾਲਾ ਵਿਖੇ ਮੁੱਖ ਮੰਤਰੀ ਨੂੰ ਮਿਲੇ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਨਾ ਕੱਢੇ ਜਾਣ ਦੀ ਫਰਿਆਦ ਕੀਤੀ । ਮੁੱਖ ਮੰਤਰੀ ਨੇ ਇਨ੍ਹਾਂ ਕਾਮਿਆਂ ਨੂੰ ਭਰੋਸਾ ਦਿੱਤਾ ਕਿ ਉਨਾਂ ਨੂੰ ਰੁਜ਼ਗਾਰ ਤੋਂ ਲਾਂਭੇ ਨਹੀਂ ਕੀਤਾ ਜਾਵੇਗਾ, ਜਿੱਥੇ ਵੀ ਸਬ-ਤਹਿਸੀਲਾਂ ਬਣਨਗੀਆਂ, ਉੱਥੇ ਉਨਾਂ ਤੋਂ ਕੰਮ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ “ਜਿਹੜੀਆਂ ਵੀ ਸਬ ਤਹਿਸੀਲਾਂ ਬਣਨਗੀਆਂ, ਉੱਥੇ ਭੇਜ ਕੇ ਉਨਾਂ ਤੋਂ ਕੰਮ ਲਿਆ ਜਾਵੇਗਾ। ਇਹ ਇੱਕ ਮੁੱਖ ਮੰਤਰੀ ਦਾ ਵਾਅਦਾ ਹੈ ਤੇ ਇਸ ਗੱਲ ਦੇ ਡੀਸੀ ਅਤੇ ਹੋਰ ਅਧਿਕਾਰੀ ਅਤੇ ਮੀਡੀਆ ਵੀ ਗਵਾਹ ਹੈ।” ਦੱਸਣਯੋਗ ਹੈ ਕਿ ਇਹਨਾਂ 24 ਕਰਮਚਾਰੀਆਂ ਨੂੰ ਨੌਕਰੀ ਤੋਂ ਜ਼ਬਰਦਸਤੀ ਫਾਰਗ ਕੀਤਾ ਜਾ ਰਿਹਾ ਹੈ ਅਤੇ ਇਹ ਕਰਮਚਾਰੀ ਪਿਛਲੇ ਕਈ ਦਿਨਾਂ ਤੋਂ ਡੀਸੀ ਦਫ਼ਤਰ ਦੇ ਬਾਹਰ ਭੁੱਖ ਹੜਤਾਲ ‘ਤੇ ਬੈਠੇ ਹਨ । ਕੈਬਨਿਟ ਮੰਤਰੀ ਮੀਤ ਹੇਹਰ ਅਤੇ ਹੋਰ ਆਗੂਆਂ ਵੱਲੋਂ ਇਨ੍ਹਾਂ ਕਾਮਿਆਂ ਨੂੰ ਭਰੋਸਾ ਦਿੱਤਾ ਜਾ ਰਿਹਾ ਹੈ ਤੇ ਇਨ੍ਹਾਂ ਨੂੰ ਨੌ ਤੋਂ ਨਹੀਂ ਕਢਿਆ ਜਾਵੇਗਾ ।‌ ਚਰਚਾ ਇਹ ਵੀ ਹੋ ਰਹੀ ਹੈ ਇਹਨਾਂ ਕਰਮਚਾਰੀਆਂ ਨੂੰ ਸਬ ਡਵੀਜ਼ਨ ਮਹਿਲ ਕਲਾਂ ਵਿਖੇ ਅਡਜਸਟ ਕੀਤਾ ਜਾਵੇਗਾ ।‌ ਨਵੀਂ ਬਣ ਰਹੀ ਸਬ-ਡਵੀਜ਼ਨ ਮਹਿਲ ਕਲਾਂ ਦਾ ਕੰਮ ਅਜੇ ਅਧੂਰਾ ਹੈ ਜਿਸ ਕਰਕੇ ਇਨ੍ਹਾਂ ਕਰਮਚਾਰੀਆਂ ਦਾ ਜ਼ੁਬਾਨੀ ਭਰੋਸਿਆਂ ‘ਤੇ ਮਨ ਨਹੀਂ ਟਿਕ ਰਿਹਾ ਕਿਉਂਕਿ ਸਰਕਾਰ ਦੇ ਲਾਰੇ ਨਾ ਵਿਆਹੇ ਨਾ ਕੁਆਰੇ” ਵਰਗੇ ਹੀ ਹੁੰਦੇ ਹਨ ।‌ ਇਹ ਕਰਮਚਾਰੀ ਸਰਕਾਰੀ ਧਿਰ ਵੱਲੋਂ ਕੋਈ ਠੋਸ ਭਰੋਸਾ ਮੰਗ ਰਹੇ ਹਨ ਜੋ ਸੱਤਾਧਾਰੀ ਧਿਰ ਵੱਲੋਂ ਨਹੀਂ ਦਿੱਤਾ ਜਾ ਰਿਹਾ ।‌ ਇਨ੍ਹਾਂ ਕਰਮਚਾਰੀਆਂ ਨੂੰ ਉਮੀਦ ਸੀ ਕਿ ਮੁੱਖ ਮੰਤਰੀ ਤੁਰੰਤ ਅਧਿਕਾਰੀਆਂ ਨੂੰ ਇਨ੍ਹਾਂ ਦੀ ਨੌਕਰੀ ਸਬੰਧੀ ਕੋਈ ਹੁਕਮ ਦੇ ਦੇਣਗੇ ਪ੍ਰੰਤੂ ਪਿੰਡ ਠੀਕਰੀਵਾਲ ਵਿਖੇ ਮਿਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਨ੍ਹਾਂ ਕਰਮਚਾਰੀਆਂ ਨੂੰ ਫਿਲਹਾਲ “ਜ਼ੁਬਾਨੀ ਭਰੋਸਾ” ਹੀ ਦਿੱਤਾ ਹੈ ।

error: Content is protected !!