-ਸ਼ਹੀਦਾਂ ਦੀ ਸਾਂਝੀ ਯਾਦਗਾਰ ਅਤੇ ਸੈਨਿਕ ਸਦਨ ਬਣਾਉਣ ਦੀ ਮੰਗ
ਬਰਨਾਲਾ 02 ਫਰਵਰੀ (ਨਿਰਮਲ ਸਿੰਘ ਪੰਡੋਰੀ)-
ਜ਼ਿਲ੍ਹੇ ਨਾਲ ਸਬੰਧਤ ਸਾਬਕਾ ਸੈਨਿਕਾਂ ਦੇ ਇੱਕ ਵਫ਼ਦ ਨੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੂੰ ਮਿਲ ਕੇ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਸਬੰਧੀ ਚਰਚਾ ਕੀਤੀ । ਜਾਣਕਾਰੀ ਦਿੰਦੇ ਹੋਏ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਬਕਾ ਸੈਨਿਕਾਂ ਵੱਲੋਂ ਡਿਪਟੀ ਕਮਿਸ਼ਨਰ ਦਾ ਸਨਮਾਨ ਕਰਨ ਤੋਂ ਬਾਅਦ ਸਾਬਕਾ ਸੈਨਿਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ । ਸਾਬਕਾ ਸੈਨਿਕਾਂ ਨੇ ਮੰਗ ਕੀਤੀ ਕਿ ਜ਼ਿਲ੍ਹੇ ਨਾਲ ਸਬੰਧਿਤ ਵੱਖ ਵੱਖ ਸਮੇਂ ਦੌਰਾਨ ਚੀਨ ਅਤੇ ਪਾਕਿਸਤਾਨ ਨਾਲ ਲੜਾਈਆਂ ਵਿੱਚ ਸ਼ਹੀਦ ਹੋਏ ਅਤੇ 81 ਅਫ਼ਸਰ, ਜੇਸੀਓ ਅਤੇ ਜਵਾਨਾਂ ਦੀ ਯਾਦ ਵਿਚ ਕੋਈ ਢੁੱਕਵੀਂ ਸਾਂਝੀ ਯਾਦਗਾਰ ਬਣਾਈ ਜਾਵੇ । ਇਸ ਤੋਂ ਇਲਾਵਾ ਸੈਨਿਕ ਸਦਨ ਦੀ ਮੰਗ ਵੀ ਕੀਤੀ ਗਈ ਤਾਂ ਜੋ ਸਾਬਕਾ ਸੈਨਿਕ ਇਕੱਠੇ ਹੋਕੇ ਵਿਚਾਰ ਵਟਾਂਦਰਾ ਕਰ ਸਕਣ, ਜਿਸ ਵਿੱਚ ਈਸੀਐਚਐਸ ਹਸਪਤਾਲ ਅਤੇ ਕੰਟੀਨ ਦੀ ਸੁਵਿਧਾ ਵੀ ਹੋਵੇ । ਡਿਪਟੀ ਕਮਿਸ਼ਨਰ ਨੇ ਸਾਬਕਾ ਸੈਨਿਕਾਂ ਦੇ ਵਫਦ ਨੂੰ ਭਰੋਸਾ ਦਿੱਤਾ ਕਿ ਫੌਜੀਆਂ ਦੀ ਭਲਾਈ ਨਾਲ ਸਬੰਧਤ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਜੀਏ ਟੂ ਡੀਸੀ ਸੁਖਪਾਲ ਸਿੰਘ ਪੀਸੀਐਸ ਵੀ ਹਾਜ਼ਰ ਸਨ । ਸਾਬਕਾ ਸੈਨਿਕਾਂ ਦੇ ਵਫ਼ਦ ਵਿੱਚ ਲੈਫਟੀਨੈਂਟ ਭੋਲਾ ਸਿੰਘ ਸਿੱਧੂ, ਕੈਪਟਨ ਵਿਕਰਮ ਸਿੰਘ, ਧਰਮ ਸਿੰਘ ਫੌਜੀ ਐਮਸੀ, ਸੂਬੇਦਾਰ ਗੁਰਜੰਟ ਸਿੰਘ, ਸੂਬੇਦਾਰ ਸੁਖਦੇਵ ਸਿੰਘ, ਸੂਬੇਦਾਰ ਸਰਬਜੀਤ ਸਿੰਘ ਆਦਿ ਵੀ ਹਾਜ਼ਰ ਸਨ।









