Gee 98News

ਗੁੱਸੇ ਵਿੱਚ ਆਏ ਊਠ ਨੇ ਆਪਣਾ ਮਾਲਕ ਮਾਰ ਦਿੱਤਾ.. ਤੇ ਪਿੰਡ ਵਾਸੀਆਂ ਨੇ ਡੰਡਿਆਂ ਨਾਲ ਕੁੱਟ-ਕੁੱਟ ਊਠ ਮਾਰ ਦਿੱਤਾ

ਚੰਡੀਗੜ੍ਹ 07 (ਜੀ98 ਨਿਊਜ਼ ਸਰਵਿਸ)- ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਇੱਕ ਊਠ ਨੇ ਆਪਣੇ ਮਾਲਕ ਨੂੰ ਮਿੱਧ ਕੇ ਮਾਰ ਦਿੱਤਾ, ਜਦੋਂ ਇਸ ਘਟਨਾ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਪਿੰਡ ਵਾਸੀਆਂ ਨੇ ਊਠ ਨੂੰ ਵੀ ਡੰਡਿਆਂ ਨਾਲ਼ ਕੁੱਟ ਕੁੱਟ ਕੇ ਮੌਕੇ ‘ਤੇ ਹੀ ਮਾਰ ਦਿੱਤਾ । ਘਟਨਾ ਦੇ ਵੇਰਵੇ ਅਨੁਸਾਰ ਸੋਹਣ ਰਾਮ ਆਪਣਾ ਊਠ ਲੈ ਕੇ ਖੇਤ ਗਿਆ ਸੀ ਜਿਥੇ ਉਸ ਨੇ ਆਪਣਾ ਊਠ ਬੰਨ ਦਿੱਤਾ ਅਤੇ ਕੰਮ ਕਰਨ ਲੱਗਿਆ । ਕੁਝ ਸਮੇਂ ਬਾਅਦ ਉਥੇ ਇਕ ਹੋਰ ਊਠ ਆ ਗਿਆ ਜਿਸ ਨੂੰ ਵੇਖ ਕੇ ਸੋਹਣ ਰਾਮ ਦੇ ਊਠ ਨੇ ਰੱਸੀ ਤੋੜ ਦਿੱਤੀ ਅਤੇ ਦੂਜੇ ਊਠ ਦੇ ਮਗਰ ਭੱਜਿਆ, ਜਦ ਸੋਹਨ ਰਾਮ ਨੇ ਉਹਦੇ ਮਗਰ ਭੱਜ ਕੇ ਆਪਣਾ ਊਠ ਫੜ ਲਿਆ ਤਾਂ ਉਸਦਾ ਊਠ ਗੁੱਸੇ ਵਿੱਚ ਆ ਗਿਆ ਜਿਸ ਤੋਂ ਬਾਅਦ ਉਸ ਨੇ ਸੋਹਨਰਾਮ ਨੂੰ ਦੰਦਾਂ ਨਾਲ ਫੜ ਲਿਆ ਅਤੇ ਫੇਰ ਆਪਣੇ ਪੈਰਾਂ ਹੇਠ ਮਿੱਧ ਦਿੱਤਾ। ਜਦ ਫੇਰ ਵੀ ਊਠ ਦਾ ਗੁੱਸਾ ਠੰਡਾ ਨਾ ਹੋਇਆ ਤਾਂ ਉਹ ਸੋਹਨਰਾਮ ਦੇ ਉਪਰ ਬੈਠ ਗਿਆ ਜਿਸ ‌ਨਾਲ ਸੋਹਨਰਾਮ ਦੀ ਮੌਤ ਹੋ ਗਈ । ਉਸ ਸਮੇਂ ਖੇਤਾਂ ਵਿੱਚ ਨੇੜੇ-ਤੇੜੇ ਹੋਰ ਕੋਈ ਨਹੀਂ ਸੀ । ਪਿੰਡ ਵਾਸੀਆਂ ਨੂੰ ਜਦ ਘਟਨਾ ਦਾ ਪਤਾ ਲੱਗ ਗਿਆ ਤਾਂ ਉਦੋਂ ਤੱਕ ਸੋਹਨਰਾਮ ਦੀ ਮੌਤ ਹੋ ਚੁੱਕੀ ਸੀ । ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਊਠ ਨੂੰ ਵੀ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ।‌ ਪੁਲਿਸ ਥਾਣਾ ਪ੍ਰੰਤੂ ਦੇ ਅਧਿਕਾਰੀਆਂ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਦੇ ਦਿੱਤੀ। ਊਠ ਪਾਲਕਾਂ ਦੇ ਦੱਸਣ ਅਨੁਸਾਰ ਸਰਦੀਆਂ ਦੇ ਮੌਸਮ ‘ਚ ਅਕਸਰ ਊਠ ਦੇ ਮੂੰਹ ਵਿੱਚੋਂ ਝੱਗ ਨਿਕਲਦੀ ਹੈ। ਇਸ ਨੂੰ ਸਥਾਨਕ ਭਾਸ਼ਾ ਵਿੱਚ ਝੂਟਾ ਕਿਹਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਊਠ ਬਹੁਤ ਗੁੱਸੇ ਅਤੇ ਖਤਰਨਾਕ ਹੋ ਜਾਂਦਾ ਹੈ, ਜਿਸ ਨੂੰ ਧਿਆਨ ਨਾਲ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ।

error: Content is protected !!