ਚੰਡੀਗੜ੍ਹ-12 ਫਰਵਰੀ (ਜੀ98 ਨਿਊਜ਼ ਸਰਵਿਸ)-
“ਕਿਸੇ ਵੀ ਦੇਸ਼ ਦੀ ਵਾਗਡੋਰ ਵਧੀਆ ਹੱਥਾਂ ‘ਚ ਦੇਣ ਲਈ ਨੌਜਵਾਨ ਪੀੜ੍ਹੀ ਨੂੰ ਵਿੱਦਿਆ ਦੀ ਤਾਲੀਮ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਵਿੱਦਿਆ ਤੋਂ ਬਗੈਰ ਇਨਸਾਨ ਦਾ ਜੀਵਨ ਹਨ੍ਹੇਰ ਭਰਿਆ ਹੁੰਦਾ ਹੈ,ਜ਼ਰੂਰੀ ਹੈ ਕਿ ਹਰ ਨੌਜਵਾਨ ਪੜ੍ਹਿਆ-ਲਿਖਿਆ ਹੋਵੇ।ਇਹ ਤਾਂ ਹੀ ਸੰਭਵ ਹੈ ਜੇਕਰ ਵਿੱਦਿਆ ਪ੍ਰਾਪਤ ਕਰਨ ਲਈ ਹਰ ਨੌਜਵਾਨ ਨੂੰ ਮੌਕਾ ਮਿਲੇ ਤੇ ਸਿੱਖਿਆ ਪੂਰਨ ਤੌਰ ‘ਤੇ ਮੁਫ਼ਤ ਹੋਵੇ,ਇਸਦਾ ਵਪਾਰੀਕਰਨ ਹੋਣ ਤੋਂ ਬਚਾਅ ਕੀਤਾ ਜਾਵੇ ਕਿੳਂਕਿ ਅੱਜ ਅੱਤ ਦੀ ਮਹਿੰਗਾਈ ਦੇ ਯੁੱਗ ‘ਚ ਬੱਚਿਆਂ ਨੂੰ ਵਿੱਦਿਆ ਹਾਸਲ ਕਰਵਾਉਣੀ ਆਮ ਲੋਕਾਂ ਦੀ ਪਹੁੰਚ ਤੋਂ ਕਿਤੇ ਬਾਹਰ ਹੈ”। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਯੂਥ ਆਰਗੇਨਾਈਜੇਸ਼ਨ ਆਫ ਇੰਡੀਆ ( KYOI)ਦੇ ਸੂਬਾ ਪ੍ਰਧਾਨ ਨਿਰਮਲ ਦੋਸਤ ਰਾਏਕੋਟ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ‘ਚ ਕੀਤਾ। ਨਿਰਮਲ ਦੋਸਤ ਨੇ ਕਿਹਾ ਕਿ ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਸਿੱਖਿਆ ਪ੍ਰਾਪਤ ਕਰਨ ਲਈ ਜਿਹੜੇ ਬੱਚਿਆਂ ਦੇ ਹੱਥਾਂ ਵਿੱਚ ਪੈੱਨ ਤੇ ਕਿਤਾਬਾਂ ਹੋਣੀਆਂ ਚਾਹੀਦੀਆਂ ਸਨ ਤੇ ਉਨ੍ਹਾਂ ਅੰਦਰ ਪ੍ਰਤਿਭਾ ਵੀ ਹੈ,ਪ੍ਰੰਤੂ ਉਹ ਮਜ਼ਬੂਰੀ ਵੱਸ ਬਾਲ ਮਜ਼ਦੂਰੀ ਕਰਨ ਦੇ ਰਾਹ ਪੈ ਗਏ ਹਨ,ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਦੇਸ਼ ਦੀ ਵਾਗਡੋਰ ਵਧੀਆ ਹੱਥਾਂ ‘ਚ ਦੇਣ, ਨਰੋਆ ਤੇ ਨਿੱਗਰ ਸਮਾਜ ਦੀ ਸਿਰਜਣਾ ਕਰਨ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਸਮੁੱਚੀ ਨੌਜਵਾਨ ਪੀੜ੍ਹੀ ਨੂੰ ਸਾਖ਼ਰ ਕਰਨ ਲਈ ਸਿਸਟਮ ‘ਚ ਤਬਦੀਲੀ ਕੀਤੀ ਜਾਵੇ।ਅਜਿਹਾ ਹੋਣ ਨਾਲ ਸਮਾਜ ਨੂੰ ਘਟੀਆ ਕਿਸਮ ਦੇ ਨਿਜ਼ਾਮ ਤੋਂ ਛੁਟਕਾਰਾ ਵੀ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਦੁੱਖ ਤਾਂ ਇਸ ਗੱਲ ਦਾ ਹੈ ਕਿ ਨੌਜਵਾਨ ਉਚੇਰੀ ਪੜ੍ਹਾਈ ਕਰਨ ਉਪਰੰਤ ਜਦੋਂ ਰੁਜ਼ਗਾਰ ਮੰਗਦੇ ਹਨ ਤਾਂ ਉਨ੍ਹਾਂ ਨੂੰ ਸਰਕਾਰੀ ਤਸ਼ੱਦਦ(ਅੱਥਰੂ ਗੈਸ,ਪਾਣੀ ਦੀਆਂ ਬੁਛਾਰਾਂ,ਲਾਠੀਚਾਰਜ)ਦਾ ਸ਼ਿਕਾਰ ਹੋਣਾ ਪੈਂਦਾ ਹੈ,ਧਰਨੇ,ਰੋਸ ਮੁਜ਼ਾਹਰੇ,ਰੋਸ ਰੈਲੀਆਂ ਕਰਨਾ ਅਤੇ ਪਾਣੀ ਦੀਆਂ ਟੈਂਕੀਆਂ ਉੱਪਰ ਚੜ੍ਹਨਾ ਬੇਰੁਜ਼ਗਾਰਾਂ ਦਾ ਸ਼ੌਂਕ ਨਹੀਂ ਬਲਕਿ ਮਜ਼ਬੂਰੀ ਹੈ।









