Gee 98News

ਅਦਾਰਿਆਂ ਅਤੇ ਦੁਕਾਨਾਂ ਦੇ ਨਾਂ ਅਤੇ ਦਿਸ਼ਾ ਸੂਚਕ ਬੋਰਡ 21 ਫਰਵਰੀ ਤੋਂ ਪਹਿਲਾਂ ਪੰਜਾਬੀ ਭਾਸ਼ਾ ‘ਚ ਲਿਖਣੇ ਜ਼ਰੂਰੀ: ਜ਼ਿਲ੍ਹਾ ਭਾਸ਼ਾ ਅਫਸਰ

ਬਰਨਾਲਾ 13 ਫਰਵਰੀ (ਨਿਰਮਲ ਸਿੰਘ ਪੰਡੋਰੀ)-

ਸੂਬੇ ਦੀ ਰਾਜ ਭਾਸ਼ਾ ਪੰਜਾਬੀ ਦਾ ਮਾਣ ਸਤਿਕਾਰ ਅਤੇ ਗੌਰਵ ਬਹਾਲ ਕਰਵਾਉਣ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀਆਂ ਹਦਾਇਤਾਂ ਅਤੇ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਤੇ ਪ੍ਰਮੁੱਖ ਸਕੱਤਰ ਸ਼੍ਰੀਮਤੀ ਜਸਪ੍ਰੀਤ ਤਲਵਾੜ ਆਈ.ਏ.ਐੱਸ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸ ਸਬੰਧੀ ਭਾਸ਼ਾ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਵੀਰਪਾਲ ਕੌਰ ਦੀ ਅਗਵਾਈ ਹੇਠ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਸਮੂਹ ਵਿਭਾਗਾਂ ਸਮੇਤ ਸਰਕਾਰੀ, ਅਰਧ ਸਰਕਾਰੀ, ਨਿੱਜੀ ਅਦਾਰਿਆਂ ਅਤੇ ਦੁਕਾਨ ਮਾਲਕਾਂ ਨਾਲ ਲਗਾਤਾਰ ਰਾਬਤਾ ਬਣਾਇਆ ਜਾ ਰਿਹਾ ਹੈ। ਜ਼ਿਲ੍ਹਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਆਈ.ਏ.ਐੱਸ ਦੀ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਸਰਕਾਰੀ, ਗੈਰ ਸਰਕਾਰੀ ਦਫਤਰਾਂ, ਵਿੱਦਿਅਕ ਅਦਾਰਿਆਂ ਅਤੇ ਨਿੱਜੀ ਅਦਾਰਿਆਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਾਮ ਬੋਰਡ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਲਿਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਭਾਸ਼ਾ ਅਧਿਕਾਰੀ ਨੇ ਦੱਸਿਆ ਕਿ ਸਮੂਹ ਸਰਕਾਰੀ ਵਿਭਾਗਾਂ ਨੂੰ ਇਸ ਸਬੰਧੀ ਪੱਤਰ ਭੇਜ ਕੇ ਵੀ ਸੂਚਨਾ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰ ਭਾਸ਼ਾ ਐਕਟ ਨੂੰ ਪੂਰਨ ਰੂਪ ਵਿੱਚ ਲਾਗੂ ਕਰਵਾਉਣ ਲਈ ਭਾਸ਼ਾ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਦੇ ਸਮੂਹ ਸਰਕਾਰੀ ਦਫਤਰਾਂ/ਵਿਭਾਗਾਂ/ਅਦਾਰਿਆਂ/ਸੰਸਥਾਵਾਂ/ਵਿੱਦਿਅਕ ਅਦਾਰਿਆਂ/ਬੋਰਡਾਂ/ਨਿਗਮਾਂ ਅਤੇ ਗੈਰ ਸਰਕਾਰੀ ਸੰਸਥਾਵਾਂ/ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਿਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ ਦੀਆਂ ਪੱਟੀਆਂ, ਮੀਲ ਪੱਥਰ, ਦਿਸ਼ਾ ਸੂਚਕ ਬੋਰਡ ਲਿਖਣ ਸਮੇਂ ਸਭ ਤੋਂ ਉੱਪਰ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਲਿਖਿਆ ਜਾਣਾ ਲਾਜ਼ਮੀ ਕੀਤਾ ਗਿਆ ਹੈ।ਜੇਕਰ ਕਿਸੇ ਹੋਰ ਭਾਸ਼ਾ ਵਿੱਚ ਨਾਮ ਜਾਂ ਦਿਸ਼ਾ ਸੂਚਕ ਬੋਰਡ ਲਿਖਣਾ ਹੋਵੇ ਤਾਂ ਪੰਜਾਬੀ ਭਾਸ਼ਾ(ਗੁਰਮੁਖੀ ਲਿੱਪੀ) ਤੋਂ ਹੇਠਾਂ ਲਿਖਿਆ ਜਾਵੇ। ਭਾਸ਼ਾ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰ ਭਾਸ਼ਾ ਵਿਭਾਗ ਨੇ ਹਦਾਇਤਾਂ ਜਾਰੀ ਕਰਦਿਆਂ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਨਾਮ ਅਤੇ ਦਿਸ਼ਾ ਸੂਚਕ ਬੋਰਡ ਲਿਖਣ ਦਾ ਕੰਮ 21 ਫਰਵਰੀ 2023 ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਭਾਸ਼ਾ ਅਧਿਕਾਰੀ ਨੇ ਕਿਹਾ ਕਿ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਨਾਮ ਅਤੇ ਦਿਸ਼ਾ ਸੂਚਕ ਬੋਰਡ ਲਿਖੇ ਜਾਣ ਸਮੇਂ ਪੰਜਾਬੀ ਭਾਸ਼ਾ ਦੀ ਸ਼ੁੱਧਤਾ ਦਾ ਖਿਆਲ ਰੱਖਣਾ ਵੀ ਜਰੂਰੀ ਹੈ। ਜੇਕਰ ਪਹਿਲਾਂ ਤੋਂ ਹੀ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਲਿਖੇ ਕਿਸੇ ਸਰਕਾਰੀ,ਗੈਰ ਸਰਕਾਰੀ ਅਦਾਰੇ,ਸੜਕਾਂ ਦੇ ਨਾਮ ਬੋਰਡ ਜਾਂ ਦਿਸ਼ਾਂ ਸੂਚਕ ਬੋਰਡ ਵਿੱਚ ਸ਼ਾਬਦਿਕ ਗਲਤੀਆਂ ਹਨ ਤਾਂ ਉਨ੍ਹਾਂ ਨੂੰ ਦਰੁਸਤ ਕਰਵਾਉਣਾ ਵੀ ਯਕੀਨੀ ਬਣਾਇਆ ਜਾਵੇ। ਭਾਸ਼ਾ ਅਧਿਕਾਰੀ ਨੇ ਕਿਹਾ ਕਿ ਨਿਰਧਾਰਤ ਸਮਾ-ਸੀਮਾ ਦੌਰਾਨ ਨਾਮ ਅਤੇ ਦਿਸ਼ਾ ਸੂਚਕ ਬੋਰਡ ਸਭ ਤੋਂ ਉੱਪਰ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਨਾ ਲਿਖਣ ਵਾਲੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਖਿਲਾਫ਼ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਭਾਸ਼ਾ ਐਕਟ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Gee98 Ads
error: Content is protected !!