Skip to main content

Gee 98News

ਪਿੰਡ ਕੁਰੜ ਵਿਖੇ 19 ਸਾਲਾਂ ਨੌਜਵਾਨ ਚੜਿਆ ਮੋਬਾਈਲ ਟਾਵਰ ‘ਤੇ

ਪਿਤਾ ਨੇ ਕਿਹਾ…. ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਹੈ

ਮਹਿਲ ਕਲਾਂ 13 ਫਰਵਰੀ ( ਜਸਵੰਤ ਸਿੰਘ ਲਾਲੀ ) ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਪਿੰਡ ਕੁਰੜ ਵਿਖੇ ਇੱਕ ਨੌਜਵਾਨ ਦਿਮਾਗੀ ਪ੍ਰੇਸ਼ਾਨੀ ਕਾਰਨ ਮੋਬਾਇਲ ਟਾਵਰ ‘ਤੇ ਚੜ ਗਿਆ । ਇਸ ਮੌਕੇ ਘਟਨਾ ਸਥਾਨ ‘ਤੇ ਪੁੱਜੇ ਡੀਐਸਪੀ ਮਹਿਲ ਕਲਾਂ ਗਮਦੂਰ ਸਿੰਘ ਚਹਿਲ ਨੇ ਨੌਜਵਾਨ ਨੂੰ ਥੱਲੇ ਉੱਤਰ ਕੇ ਆਪਣੀ ਸਮੱਸਿਆ ਦੱਸਣ ਲਈ ਕਿਹਾ। ਜਾਣਕਾਰੀ ਅਨੁਸਾਰ ਦੁਪਹਿਰ 12 ਵਜੇ ਪਿੰਡ ਕੁਰੜ ਦਾ ਹੀ ਨੌਜਵਾਨ ਬਲਵਿੰਦਰ ਸਿੰਘ ਸਨੀ ਪੁੱਤਰ ਬਹਾਦਰ ਸਿੰਘ ਘਰ ਦੇ ਨਜਦੀਕ ਹੀ ਲੱਗੇ ਟਾਵਰ ‘ਤੇ ਚੜ ਗਿਆ, ਪਤਾ ਲੱਗਦਿਆਂ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਸਮੇਤ ਇਲਾਕੇ ਦੇ ਲੋਕ ਪਹੁੰਚ ਗਏ ਅਤੇ ਨੌਜਵਾਨ ਨੂੰ ਉਤਾਰਨ ਲਈ ਕਾਫੀ ਜੱਦੋ ਜਹਿਦ ਕੀਤੀ। ਪਰ ਟਾਵਰ ‘ਤੇ ਚੜਿਆ ਨੌਜਵਾਨ ਨਾ ਹੀ ਕੁਝ ਬੋਲ ਰਿਹਾ ਸੀ, ਤੇ ਨਾ ਹੀ ਗੱਲਬਾਤ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਵੀ ਕੋਈ ਬਚਾਅ ਲਈ ਉਪਰ ਚੜਦਾ ਤਾਂ ਨੌਜਵਾਨ ਥੱਲੇ ਛਾਲ ਮਾਰਨ ਦੀ ਕੋਸ਼ਿਸ਼ ਕਰਦਾ। ਅਖੀਰ 4-5 ਘੰਟਿਆਂ ਬਾਅਦ ਨੌਜਵਾਨ ਆਪਣੀ ਮਰਜ਼ੀ ਨਾਲ ਹੀ ਥੱਲੇ ਉਤਰਣ ਦੀ ਕੋਸ਼ਿਸ਼ ਕਰਨ ਲੱਗ ਗਿਆ। ਥੱਲੇ ਖੜੇ ਪਿੰਡ ਦੇ ਹੀ ਨੌਜਵਾਨਾਂ ਨੇ ਟਾਵਰ ਦੇ ਅੱਧ ਤੱਕ ਜਾ ਕੇ ਉਸਨੂੰ ਫੜਿਆ ਅਤੇ ਟਾਵਰ ਤੋਂ ਥੱਲੇ ਲੈ ਆਏ। ਇਸ ਮੌਕੇ ਬਲਵਿੰਦਰ ਸਿੰਘ ਸਨੀ ਦੇ ਪਿਤਾ ਨੇ ਦੱਸਿਆ ਕਿ ਨੌਜਵਾਨ ਸਨੀ ਮਲੇਰਕੋਟਲਾ ਵਿਖੇ ਲੋਹੇ ਦੀ ਫੈਕਟਰੀ ਵਿੱਚ ਕੰਮ ਕਰਦਾ ਹੈ ਤੇ ਪਿਛਲੇ ਇੱਕ ਹਫਤੇ ਤੋਂ ਦਿਮਾਗੀ ਪ੍ਰੇਸ਼ਾਨ ਲੱਗ ਰਿਹਾ ਹੈ, ਪਰਿਵਾਰ ਨੂੰ ਕੁਝ ਵੀ ਨਹੀ ਦੱਸ ਰਿਹਾ। ਉਹਨਾਂ ਸਨੀ ਨੂੰ ਥੱਲੇ ਉਤਾਰਨ ਲਈ ਸਹਿਯੋਗ ਕਰਨ ਵਾਲੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਘਟਨਾ ਦਾ ਪਤਾ ਲੱਗਦਿਆਂ ਹੀ ਤਹਿਸੀਲਦਾਰ ਮਹਿਲ ਕਲਾਂ ਬਲਦੇਵ ਰਾਜ ਵੀ ਮੌਕੇ ‘ਤੇ ਪੁੱਜੇ।
ਇਸ ਸਬੰਧੀ ਡੀਐਸਪੀ ਮਹਿਲ ਕਲਾਂ ਗਮਦੂਰ ਸਿੰਘ ਚਹਿਲ ਨੇ ਕਿਹਾ ਕਿ ਟਾਵਰ ‘ਤੇ ਚੜਿਆ ਨੌਜਵਾਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਮਹਿਲ ਕਲਾਂ ਪੁਲਿਸ ਵੱਲੋਂ ਉਸਨੂੰ ਟਾਵਰ ਤੋਂ ਹੇਠਾਂ ਉਤਾਰ ਕੇ ਪੁਲਿਸ ਦੀ ਗੱਡੀ ਰਾਹੀ ਇਲਾਜ ਲਈ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦਾਖਲ ਕਰਵਾ ਦਿੱਤਾ ਹੈ।

error: Content is protected !!