Gee 98News

ਸਖੀ ਵਨ ਸਟਾਪ ਸੈਂਟਰ ਹਿੰਸਾ ਪੀੜਤ ਔਰਤਾਂ ਲਈ ਵਰਦਾਨ: ਡਿਪਟੀ ਕਮਿਸ਼ਨਰ 

ਬਰਨਾਲਾ 3 ਮਈ (ਨਿਰਮਲ ਸਿੰਘ ਪੰਡੋਰੀ)-

ਸਿਵਲ ਹਸਪਤਾਲ ਵਿਖੇ ਸਥਿਤ ਸਖੀ ਵਨ ਸਟਾਪ ਸੈਂਟਰ ਹਿੰਸਾ ਪੀੜਤ ਮਹਿਲਾਵਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਕੇਂਦਰ ਦੀ ਸਥਾਪਨਾ ਮਾਰਚ 2019 ‘ਚ ਕੀਤੀ ਗਈ ਸੀ ਅਤੇ ਹੁਣ ਤੱਕ 491 ਮਹਿਲਾਵਾਂ ਦੀ ਵੱਖ ਵੱਖ ਕੇਸਾਂ ‘ਚ ਮਦਦ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਭਾਰਤ ਸਰਕਾਰ ਦੁਆਰਾ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਸਖੀ ਵਨ ਸਟਾਪ ਸੈਂਟਰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਖੋਲ੍ਹੇ ਗਏ ਹਨ। ਸਖੀ ਸੈਂਟਰ ਦੀ ਪ੍ਰਸ਼ਾਸਕੀ ਇੰਚਾਰਜ ਜਯੋਤੀ ਵੰਸ਼ ਨੇ ਦੱਸਿਆ ਕਿ ਕੇਂਦਰ ਵਿਖੇ ਕਿਸੇ ਵੀ ਤਰ੍ਹਾਂ ਦੀ ਹਿੰਸਾ, ਜਿਵੇਂ ਕਿ ਘਰੇਲੂ ਹਿੰਸਾ, ਤੇਜ਼ਾਬੀ ਹਮਲਾ, ਜਬਰ-ਜਨਾਹ, ਗੈਰ-ਮਨੁੱਖੀ ਤਸਕਰੀ, ਦਹੇਜ ਪੀੜਤ ਅਤੇ ਛੇੜਛਾੜ ਤੋਂ ਪੀੜਤ ਮਹਿਲਾਵਾਂ ਨੂੰ ਇੱਕ ਛੱਤ ਹੇਠਾਂ ਸੇਵਾਵਾਂ ਜਿਵੇ ਕਿ ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਮਾਨਸਿਕ-ਸਮਾਜਿਕ ਕਾਉਂਸਲਿੰਗ, ਮੁਫਤ ਕਾਨੂੰਨੀ ਸਹਾਇਤਾ/ਕਾਨੂੰਨੀ ਸਲਾਹ ਮਸ਼ਵਰਾ ਦਿੱਤਾ ਜਾਂਦਾ ਹੈ ਨਾਲ ਹੀ ਅਸਥਾਈ ਆਸਰਾ ਵੱਧ ਤੋਂ ਵੱਧ 5 ਦਿਨਾਂ ਲਈ (ਪੀੜਤ ਮਹਿਲਾ ਸਮੇਤ ਬੇਟੀ ਕਿਸੇ ਵੀ ਉਮਰ ਦੀ ਅਤੇ ਬੇਟਾ 8 ਸਾਲ ਤੱਕ ਦਾ) ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਕੀਲ ਹਰਪ੍ਰੀਤ ਕੌਰ ਵੱਲੋਂ ਕਿਸੇ ਵੀ ਪ੍ਰਕਾਰ ਦੀ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਕੋਰਟ ਵਿਚ ਕੇਸ ਦਾਇਰ ਕਰਨ ਲਈ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ। ਪ੍ਰਭਾਵਿਤ ਔਰਤ ਸਖੀ ਵਾਨ ਸਟਾਪ ਦੇ ਦਫਤਰ ਵਿਖੇ ਦਰਖ਼ਾਸਤ ਦੇ ਸਕਦੀ ਹੈ ਅਤੇ ਉਹ ਇਸ ਦਫਤਰ ਦੇ ਨੰਬਰ 01679 – 230181 ਉੱਤੇ ਵੀ ਸ਼ਿਕਾਇਤ ਦਰਜ ਕਰਵਾ ਸਕਦੀ ਹੈ। ਪੀੜਤ ਮਹਿਲਾ ਆਪਣੇ ਪਹਿਲਾਂ ਤੋਂ ਚੱਲ ਰਹੇ ਕੇਸ ਸਬੰਧੀ ਵੀ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਪੀੜਤ ਮਹਿਲਾ ਕਿਸੇ ਵੀ ਦਿਨ ਅਤੇ ਕਿਸੇ ਵੀ ਸਮੇਂ 01679 – 230181 ‘ਤੇ ਸੰਪਰਕ ਕਰ ਸਕਦੀ ਹੈ।



Gee98 Ads
error: Content is protected !!