–ਵਿਜੇਤਾ ਨੂੰ ਪੰਜ ਦਿਨਾਂ ਤੋਂ ਲੱਭ ਰਿਹਾ ਸੀ ਲਾਟਰੀ ਏਜੰਟ
ਫਾਜ਼ਿਲਕਾ 3 ਮਈ ( ਜੀ98 ਨਿਊਜ਼ ਸਰਵਿਸ)-ਫਾਜ਼ਿਲਕਾ ‘ਚ ਪਿਛਲੇ ਦਿਨੀਂ ਨਿਕਲੀ 2.5 ਕਰੋੜ ਦੀ ਲਾਟਰੀ ਦਾ ਵਿਜੇਤਾ ਲੱਭ ਹੀ ਗਿਆ ਜਿਸ ਦੀ ਲਾਟਰੀ ਟਿਕਟ ਵੇਚਣ ਵਾਲੇ ਵੱਲੋਂ ਪੰਜ ਦਿਨਾਂ ਤੋਂ ਤਲਾਸ਼ ਕੀਤੀ ਜਾ ਰਹੀ ਸੀ । ਫਾਜ਼ਿਲਕਾ ਵਿਖੇ ਰੂਪ ਚੰਦ ਲਾਟਰੀ ਵਾਲੇ ਦੀ ਦੁਕਾਨ ਤੋਂ ਕਿਸੇ ਵਿਅਕਤੀ ਨੇ 5 ਦਿਨ ਪਹਿਲਾਂ ਨਾਗਾਲੈਂਡ ਡੀਅਰ 500 ਮੰਥਲੀ ਲਾਟਰੀ ਦਾ ਟਿਕਟ ਨੰਬਰ 249092 ਖਰੀਦਿਆ ਸੀ ਜਿਸ ਉੱਪਰ 2.5 ਕਰੋੜ ਦਾ ਪਹਿਲਾ ਇਨਾਮ ਨਿਕਲਿਆ । ਚਾਰ ਦਿਨ ਬੀਤਣ ਦੇ ਬਾਵਜੂਦ ਵੀ ਲਾਟਰੀ ਵਿਜੇਤਾ ਨਾਲ ਏਜੰਟ ਦਾ ਕੋਈ ਸੰਪਰਕ ਨਹੀਂ ਹੋ ਰਿਹਾ ਸੀ ਪ੍ਰੰਤੂ ਚਾਰ ਪੰਜ ਦਿਨਾਂ ਬਾਅਦ ਜਦ ਜ਼ਿਲ੍ਹੇ ਦੇ ਪਿੰਡ ਰਾਮਪੁਰ ਦੇ ਰਹਿਣ ਵਾਲੇ ਭਾਲਾਰਾਮ ਨੂੰ ਪਤਾ ਲੱਗਿਆ ਕਿ ਢਾਈ ਕਰੋੜ ਦੀ ਲਾਟਰੀ ਦਾ ਪਹਿਲਾ ਇਨਾਮ ਉਸੇ ਦਾ ਹੈ ਤਾਂ ਉਸਨੇ ਲਾਟਰੀ ਏਜੰਟ ਨਾਲ ਸੰਪਰਕ ਕੀਤਾ । ਭਾਲਾ ਰਾਮ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਦੀ ਮੌਤ ਹੋ ਜਾਣ ਕਾਰਨ ਉਹ ਲਾਟਰੀ ਦਾ ਨਤੀਜਾ ਨਹੀਂ ਦੇਖ ਸਕਿਆ । ਭਾਲਾ ਰਾਮ ਦੇ ਵੱਡੇ ਭਰਾ ਦੀ ਮੌਤ ‘ਤੇ ਅਫਸੋਸ ਕਰਨ ਆਏ ਕੁਝ ਵਿਅਕਤੀਆਂ ਨੇ ਫਾਜ਼ਿਲਕਾ ਵਿਖੇ ਢਾਈ ਕਰੋੜ ਦੀ ਲਾਟਰੀ ਨਿਕਲਣ ਦਾ ਸੁਭਾਵਿਕ ਜ਼ਿਕਰ ਕੀਤਾ ਤਾਂ ਭਾਲਾ ਰਾਮ ਨੂੰ ਵੀ ਆਪਣੇ ਵੱਲੋਂ ਖਰੀਦੀ ਲਾਟਰੀ ਟਿਕਟ ਦਾ ਚੇਤਾ ਆਇਆ ਜਿਸ ਤੋਂ ਬਾਅਦ ਉਸ ਨੇ ਆਪਣੇ ਰਿਸ਼ਤੇਦਾਰ ਤੇ ਸਮਾਰਟ ਫੋਨ ਤੋਂ ਆਪਣਾ ਲਾਟਰੀ ਟਿਕਟ ਨੰਬਰ ਚੈਕ ਕੀਤਾ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ । ਜਿਸ ਤੋਂ ਬਾਅਦ ਭਾਲਾਰਾਮ ਨੇ ਫ਼ਾਜ਼ਿਲਕਾ ਜਾ ਕੇ ਲਾਟਰੀ ਵਿਕਰੇਤਾ ਰੂਪ ਚੰਦ ਦੀ ਦੁਕਾਨ ‘ਤੇ ਸੰਪਰਕ ਕੀਤਾ ਜਿੱਥੇ ਲਾਟਰੀ ਵਿਕਰੇਤਾ ਰੂਪ ਚੰਦ ਅਤੇ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਨੇ ਉਸ ਦਾ ਮੂੰਹ ਮਿੱਠਾ ਕਰਵਾਇਆ । ਦਿਲਚਸਪ ਤੱਥ ਹੈ ਭਾਲਾਰਾਮ 1990 ਤੋਂ ਲਗਾਤਾਰ ਲਾਟਰੀ ਟਿਕਟ ਖਰੀਦ ਰਿਹਾ ਹੈ ਅਤੇ ਉਸਨੂੰ ਪਿਛਲੇ ਹਫਤੇ ਹੀ 9 ਹਜ਼ਾਰ ਦਾ ਇਨਾਮ ਮਿਲਿਆ ਸੀ । ਇਸ ਤੋਂ ਪਹਿਲਾਂ ਵੀ ਉਸਦੀ 2000 ਅਤੇ 50000 ਦੀ ਲਾਟਰੀ ਨਿਕਲ ਚੁੱਕੀ ਹੈ, ਜਿਸ ਤੋਂ ਬਾਅਦ ਭਾਲਾਰਾਮ ਨੇ ਲਾਟਰੀ ਟਿਕਟ ਖਰੀਦਣਾ ਨਹੀਂ ਛੱਡਿਆ ਅਤੇ ਆਖ਼ਰ ਉਸ ਨੂੰ 2.5 ਕਰੋੜ ਦਾ ਪਹਿਲਾ ਇਨਾਮ ਨਿਕਲਿਆ।