ਚੰਡੀਗੜ੍ਹ -ਪੰਜਾਬ ਦੇ ਇਕ ਸਮਲਿੰਗੀ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਨੇ ਸੱਤਾਧਾਰੀ ਪਾਰਟੀ ਨੂੰ ਸਿਆਸੀ ਤਰੇਲੀਆਂ ਲਿਆਂਦੀਆਂ ਹੋਈਆਂ ਹਨ । ਇੱਕ ਪਾਸੇ ਸੱਤਾਧਾਰੀ ਪਾਰਟੀ ਨੂੰ ਜਲੰਧਰ ਜ਼ਿਮਨੀ ਚੋਣ ‘ਚ ਤਕੜੀ ਟੱਕਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਆਪਣੇ ਹੀ ਇਕ ਮੰਤਰੀ ਦੀ ਅਸ਼ਲੀਲ ਵੀਡੀਓ ਨੇ ਸਰਕਾਰ ਨੂੰ ਹਿਲਾ ਦਿੱਤਾ ਹੈ । ਮੰਤਰੀ ਦੇ ਅਸ਼ਲੀਲ ਵੀਡੀਓ ਦਾ ਮਾਮਲਾ ਰਾਸ਼ਟਰੀ ਕਮਿਸ਼ਨ ਦੇ ਕੋਲ ਵੀ ਪਹੁੰਚ ਚੁੱਕਾ ਹੈ । ਮੰਤਰੀ ਦੇ ਅਸ਼ਲੀਲ ਵੀਡਿਓ ਵਿਚਲਾ ਪੀੜ੍ਹਤ ਪਾਤਰ ਰਾਸ਼ਟਰੀ ਐਸ.ਸੀ. ਕਮਿਸ਼ਨ ਕੋਲ ਸੁਰੱਖਿਆ ਅਤੇ ਇਨਸਾਫ਼ ਦੀ ਗੁਹਾਰ ਲੈ ਕੇ ਪੁੱਜਾ ਹੈ । ਪੀੜ੍ਹਤ ਨੇ ਐਸੀ ਕਮਿਸ਼ਨ ਨੂੰ ਗੁਹਾਰ ਲਾਈ ਹੈ ਕਿ ਪੰਜਾਬ ਵਿੱਚ ਮੰਤਰੀ ਦੀ ਸਰਕਾਰ ਹੋਣ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੈ ਅਤੇ ਮੰਤਰੀ ਉਸਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ । ਪੀੜ੍ਹਤ ਨੌਜਵਾਨ ਦੀ ਦਰਖ਼ਾਸਤ ਉਪਰ ਕਾਰਵਾਈ ਕਰਦੇ ਹੋਏ ਰਾਸ਼ਟਰੀ ਐਸ ਸੀ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕਰ ਕੇ ਹੁਣ ਤੱਕ ਇਸ ਮਾਮਲੇ ‘ਚ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਮੰਗੀ ਹੈ ਅਤੇ ਪੀੜਤ ਨੌਜਵਾਨ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਹਨ । ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਕੈਮਰੇ ਸਾਹਮਣੇ ਆ ਕੇ ਮੰਤਰੀ ਦੀ ਅਸ਼ਲੀਲ ਵੀਡੀਓ ਦੇ ਪੀੜ੍ਹਤ ਦੂਜੇ ਪਾਤਰ ਨੇ ਵੀਡੀਓ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਕਥਿਤ ਤੌਰ ‘ਤੇ ਨਾਮ ਵੀ ਜ਼ਾਹਰ ਕਰ ਦਿੱਤਾ ਹੈ । ਸਿਆਸੀ ਹਲਕਿਆਂ ਵਿੱਚ ਇਸ ਗੱਲ ‘ਤੇ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ ਇਹ ਸਭ ਕੁੱਝ ਸਾਹਮਣੇ ਆਉਣ ਦੇ ਬਾਵਜੂਦ ਵੀ ਮੁੱਖ ਮੰਤਰੀ ਨੇ ਆਪਣੇ ਮੰਤਰੀ ਤੋਂ ਅਸਤੀਫ਼ਾ ਨਹੀਂ ਲਿਆ ਅਤੇ ਨਾ ਹੀ ਉਸ ਨੂੰ ਬਾਹਰ ਦਾ ਰਸਤਾ ਵਿਖਾਇਆ । ਸੂਤਰਾਂ ਅਨੁਸਾਰ ਜਲੰਧਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਸਰਕਾਰ ਦੀ ਸਥਿਤੀ “ਸੱਪ ਦੇ ਮੂੰਹ ਕੋਹੜ ਕਿਰਲੀ” ਵਾਲੀ ਬਣੀ ਹੋਈ ਹੈ । ਜਲੰਧਰ ਜ਼ਿਮਨੀ ਚੋਣ ਦੌਰਾਨ ਵਿਰੋਧੀ ਪਾਰਟੀਆਂ ਇਸ ਮਾਮਲੇ ਦਾ ਪ੍ਰਚਾਰ ਕੁਝ ਅਜਿਹੇ ਤਰੀਕੇ ਨਾਲ ਕਰ ਰਹੀਆਂ ਹਨ ਕਿ ਜੇਕਰ ਮੰਤਰੀ ਨੂੰ ਕੈਬਨਿਟ ‘ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਜਾਂ ਅਸਤੀਫਾ ਮੰਗ ਲਿਆ ਜਾਂਦਾ ਹੈ ਤਾਂ ਵੀ ਸੱਤਾਧਾਰੀ ਪਾਰਟੀ ਨੂੰ ਚੋਣਾਂ ‘ਚ ਕੋਈ ਫ਼ਾਇਦਾ ਨਜ਼ਰ ਨਹੀਂ ਆਉਂਦਾ ਪਰ ਜੇਕਰ ਸੱਤਾਧਾਰੀ ਪਾਰਟੀ ਇਸ ਮਸਲੇ ਸੰਬੰਧੀ ਚੋਣਾਂ ਤੱਕ ਇਸੇ ਤਰਾਂ ਚੁੱਪ ਵੱਟੀ ਰੱਖਦੀ ਹੈ ਤਾਂ ਵੀ ਪਾਰਟੀ ਨੂੰ ਜਲੰਧਰ ਜ਼ਿਮਨੀ ਚੋਣ ‘ਚ ਨੁਕਸਾਨ ਹੋਣ ਦੇ ਆਸਾਰ ਹਨ ।










