ਚੰਡੀਗੜ੍ਹ-ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਸ਼ਲੀਲ ਵੀਡੀਓ ਵਿਚਲੇ ਸਾਰੇ ਪਾਤਰ ਸਹੀ ਹਨ ਭਾਵ ਵੀਡੀਓ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ । ਪੰਜਾਬ ਦੇ ਰਾਜਪਾਲ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਜਾਂਚ ਦੌਰਾਨ ਫੋਰੈਂਸਿਕ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਵੀਡੀਓ ਅਸਲੀ ਹੈ । ਰਾਜਪਾਲ ਸ੍ਰੀ ਬਨਵਾਰੀ ਲਾਲ ਨੇ ਇਹ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਰਵਾਈ ਲਈ ਭੇਜ ਦਿੱਤੀ ਹੈ ਪ੍ਰੰਤੂ ਜਿਸ ਤਰ੍ਹਾਂ ਦੇ ਬਿਆਨ ਮੁੱਖ ਮੰਤਰੀ ਇਸ ਮਾਮਲੇ ‘ਚ ਦੇ ਰਹੇ ਹਨ ਉਨ੍ਹਾਂ ਨੂੰ ਵੇਖਦੇ ਹੋਏ ਲਗਦਾ ਹੈ ਕਿ ਭਗਵੰਤ ਮਾਨ ਆਪਣੇ ਮੰਤਰੀ ਉਪਰ ਕੋਈ ਕਾਰਵਾਈ ਕਰਨ ਦੇ ਮੂਡ ਵਿਚ ਨਹੀਂ ਹਨ । ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਦਰਮਿਆਨ ਇਕ ਵਾਰ ਫੇਰ ਤਣਾਅ ਪੈਦਾ ਹੋ ਸਕਦਾ ਹੈ । ਦੂਜੇ ਪਾਸੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਵੀ ਇਸ ਮਾਮਲੇ ਵਿੱਚ ਸਖਤ ਦਿਖਾਈ ਦੇ ਰਿਹਾ ਹੈ । ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਤਿੰਨ ਦਿਨਾਂ ‘ਚ ਸਾਰੇ ਮਾਮਲੇ ਦੀ ਕਾਰਵਾਈ ਸਬੰਧੀ ਰਿਪੋਰਟ ਤਲਬ ਕੀਤੀ ਹੈ । ਕਮਿਸ਼ਨ ਨੇ ਪੰਜਾਬ ਦੇ ਅਧਿਕਾਰੀਆਂ ਨੂੰ ਸੁਚੇਤ ਵੀ ਕੀਤਾ ਹੈ ਕਿ ਜੇਕਰ ਰਿਪੋਰਟ ਭੇਜਣ ਵਿੱਚ ਆਨਾਕਾਨੀ ਕੀਤੀ ਗਈ ਤਾਂ ਧਾਰਾ 388 ਤਹਿਤ ਅਧਿਕਾਰਾਂ ਦੀ ਵਰਤੋਂ ਕਰ ਕੇ ਅਧਿਕਾਰੀਆਂ ਨੂੰ ਤਲਬ ਵੀ ਕੀਤਾ ਜਾ ਸਕਦਾ ਹੈ । ਬਹਰਹਾਲ ! ਹੁਣ ਗੇਂਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਹੜੇ ‘ਚ ਹੈ ਕਿ ਉਹ ਆਪਣੇ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਨੂੰ ਸਹੀ ਮੰਨਦੇ ਹਨ ਜਾਂ ਨਹੀਂ । ਵੀਡੀਓ ਦੇ ਦੂਜੇ ਨੌਜਵਾਨ ਪਾਤਰ ਨੇ ਕੈਮਰੇ ਸਾਹਮਣੇ ਵੀਡੀਓ ਦੀ ਸੱਚਾਈ ਬਿਆਨ ਕਰ ਕੇ ਪੰਜਾਬ ਸਰਕਾਰ ਲਈ ਸਥਿਤੀ ਹੋਰ ਵੀ ਪੇਚੀਦਾ ਬਣਾ ਦਿੱਤੀ ਹੈ ।









