ਬਰਨਾਲਾ 18 ਮਈ ( ਨਿਰਮਲ ਸਿੰਘ ਪੰਡੋਰੀ )-
ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਹਿਤਕ ਗਤੀਵਿਧੀਆਂ ਦੇ ਨਾਲ ਨਾਲ ਭਾਸ਼ਾਵਾਂ ਦੇ ਵਿਕਾਸ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ ਨੇ ਦੱਸਿਆ ਕਿ ਡਾਇਰੈਕਟਰ ਭਾਸ਼ਾ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਮੌਜ਼ੂਦਾ ਸੈਸ਼ਨ ਤੋਂ ਉਰਦੂ ਸਿਖਲਾਈ ਦੀਆਂ ਜਮਾਤਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਰਦੂ ਸਿਖਲਾਈ ਦੇਣ ਲਈ ਪਾਰਟ ਟਾਈਮ ਉਰਦੂ ਅਧਿਆਪਕ ਦੀ ਜ਼ਰੂਰਤ ਹੈ। ਵਿਭਾਗੀ ਹਦਾਇਤਾਂ ਅਨੁਸਾਰ ਅਧਿਆਪਕ ਦੀ ਯੋਗਤਾ ਘੱਟੋ ਘੱਟ ਐੱਮ.ਏ.ਉਰਦੂ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪਾਰਟ ਟਾਈਮ ਉਰਦੂ ਅਧਿਆਪਕ ਨੂੰ ਉੱਕਾ ਪੁੱਕਾ 8000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਅਤੇ ਅਧਿਆਪਕ ਲਈ ਰੋਜ਼ਾਨਾ ਘੱਟੋ-ਘੱਟ ਇੱਕ ਘੰਟੇ ਦੀ ਜਮਾਤ ਲਗਾਉਣੀ ਜ਼ਰੂਰੀ ਹੋਵੇਗੀ।ਭਾਸ਼ਾ ਅਫਸਰ ਨੇ ਅੱਗੇ ਦੱਸਿਆ ਕਿ ਉਰਦੂ ਅਧਿਆਪਕ ਦੀ ਪਾਰਟ ਟਾਈਮ ਆਸਾਮੀ ਲਈ ਪ੍ਰਾਪਤ ਅਰਜ਼ੀਆਂ ਅਗਲੇਰੀ ਕਾਰਵਾਈ ਹਿੱਤ ਡਾਇਰੈਕਟਰ ਭਾਸ਼ਾ ਵਿਭਾਗ ਨੂੰ ਭੇਜੀਆਂ ਜਾਣਗੀਆਂ ਅਤੇ ਚੋਣ ਬਾਰੇ ਅੰਤਿਮ ਫ਼ੈਸਲਾ ਡਾਇਰੈਕਟਰ ਭਾਸ਼ਾ ਵਿਭਾਗ ਵੱਲੋਂ ਲਿਆ ਜਾਵੇਗਾ। ਚਾਹਵਾਨ ਆਪਣੇ ਬਿਨੈ-ਪੱਤਰ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਕਮਰਾ ਨੰਬਰ 459 ਤੀਜੀ ਮੰਜਿਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 26 ਮਈ 2023 ਤੱਕ ਪਹੁੰਚਦੇ ਕਰ ਸਕਦੇ ਹਨ।








