ਚੰਡੀਗੜ੍ਹ-ਪੰਜਾਬ ਦੀ ਕੈਬਨਿਟ ਮੰਤਰੀ ਬਲਜੀਤ ਕੌਰ (ਅੱਖਾਂ ਦੇ ਮਾਹਿਰ) ਅਕਸਰ ਆਪਣੇ ਵਿਭਾਗ ਦੇ ਰੁਝੇਵਿਆਂ ਦੇ ਬਾਵਜੂਦ ਵੀ ਆਪਣੇ ਮਰੀਜ਼ਾਂ ਨਾਲ ਲਗਾਤਾਰ ਜੁੜੇ ਹੋਏ ਹਨ ਅਤੇ ਜਦ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਆਪਣੇ ਮਰੀਜ਼ਾਂ ਦੀਆਂ ਅੱਖਾਂ ਦਾ ਚੈਅਕੱਪ ਕਰਦੇ ਰਹਿੰਦੇ ਹਨ ਅਤੇ ਸਮੇਂ-ਸਮੇਂ ਯੋਗ ਸਲਾਹ ਦਿੰਦੇ ਹਨ । ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਪੇਸ਼ੇ ਨਾਲ ਸਬੰਧਿਤ ਪਿਛਲੇ ਦਿਨੀਂ ਉਸ ਵੇਲੇ ਦਿਲਚਸਪ ਮਾਹੌਲ ਪੈਦਾ ਹੋਇਆ ਜਦ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਜੱਥੇਬੰਦੀ ਦੀਆਂ ਮੰਗਾਂ ਸਬੰਧੀ ਮੰਤਰੀ ਨਾਲ ਮੀਟਿੰਗ ਕੀਤੀ । ਇਸ ਮੀਟਿੰਗ ਦੌਰਾਨ ਸੂਬਾ ਆਗੂ ਨੇ ਮੰਤਰੀ ਕੋਲ ਆਂਗਨਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੀ ਬੇਰੁਖੀ ‘ਤੇ ਰੋਸ ਵੀ ਪ੍ਰਗਟ ਕੀਤਾ ਅਤੇ ਹੱਕੀ ਮੰਗਾਂ ਜਲਦੀ ਮੰਨਣ ਦੀ ਬੇਨਤੀ ਵੀ ਕੀਤੀ । ਕੈਬਨਿਟ ਮੰਤਰੀ ਨੇ ਵੀ ਜਥੇਬੰਦੀ ਦੀ ਆਗੂ ਨੂੰ ਮੰਗਾਂ ਪ੍ਰਤੀ ਵਿਚਾਰ ਕਰਨ ਦਾ ਭਰੋਸਾ ਦਿੱਤਾ ਅਤੇ ਅਧਿਕਾਰੀਆਂ ਨੂੰ ਮੰਗਾਂ ਦੇ ਹੱਲ ਪ੍ਰਤੀ ਜਲਦੀ ਅਮਲ ਕਰਨ ਦੇ ਦਿਸ਼ਾ ਨਿਰਦੇਸ਼ ਵੀ ਦਿੱਤੇ । ਮੀਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਆਪਣੀਆਂ ਅੱਖਾਂ ਦੇ ਚੈਕਅੱਪ ਦੀ ਬੇਨਤੀ ਕੀਤੀ ਤਾਂ ਤੁਰੰਤ ਡਾਕਟਰ ਬਲਜੀਤ ਕੌਰ ਨੇ ਜਥੇਬੰਦੀ ਦੇ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਅੱਖਾਂ ਦਾ ਚੈਕਅੱਪ ਕੀਤਾ, ਯੋਗ ਸਲਾਹ ਅਤੇ ਦਵਾਈ ਵੀ ਦਿੱਤੀ । ਇਸ ਮੌਕੇ ਡਾ.ਬਲਜੀਤ ਕੌਰ ਨੇ ਦੱਸਿਆ ਕਿ ਹਰਗੋਬਿੰਦ ਕੌਰ ਉਨ੍ਹਾਂ ਦੀ ਪੁਰਾਣੀ ਮਰੀਜ਼ ਵੀ ਹੈ । ਉਨ੍ਹਾਂ ਕਿਹਾ ਕਿ ਡਾਕਟਰ-ਮਰੀਜ਼ ਦਾ ਇਹ ਰਿਸ਼ਤਾ ਹਮੇਸ਼ਾਂ ਕਾਇਮ ਰਹੇਗਾ । ਉਨ੍ਹਾਂ ਕਿਹਾ ਕਿ ਉਹ ਆਪਣੇ ਵਿਭਾਗ ਦੇ ਰੁਝੇਵਿਆਂ ਭਰੇ ਸਮੇਂ ਵਿਚੋਂ ਸਮਾਂ ਕੱਢ ਕੇ ਆਪਣੇ ਮਰੀਜ਼ਾਂ ਨਾਲ ਜੁੜੇ ਰਹਿਣ ਦਾ ਯਤਨ ਕਰਦੇ ਰਹਿੰਦੇ ਹਨ । ਜ਼ਿਕਰਯੋਗ ਹੈ ਕਿ ਜਥੇਬੰਦੀ ਦੀ ਸੂਬਾ ਆਗੂ ਅਤੇ ਵਿਭਾਗ ਦੇ ਮੰਤਰੀ ਦੀ ਮੀਟਿੰਗ ਦੌਰਾਨ ਮੰਗਾਂ ਸਬੰਧੀ ਕੁਝ ਗਿਲੇ-ਸ਼ਿਕਵੇ ਵੀ ਹੋਏ ਪ੍ਰੰਤੂ ਇਸ ਤੋਂ ਬਾਅਦ ਇੱਕ ਡਾਕਟਰ ਅਤੇ ਮਰੀਜ਼ ਦੀ ਮਿਲਣੀ ਵਿੱਚ ਇਹ ਗਿਲੇ ਸ਼ਿਕਵੇ ਸੁਖਾਵੇਂ ਮਾਹੌਲ ਵਿੱਚ ਬਦਲ ਗਏ। ਪ੍ਰਧਾਨ ਹਰਗੋਬਿੰਦ ਕੌਰ ਨੇ ਆਪਣੀਆਂ ਅੱਖਾਂ ਦੇ ਚੈਕਅੱਪ ਲਈ ਮੰਤਰੀ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ।
ਫੋਟੋ ਕੈਪਸ਼ਨ-ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਆਗੂ ਹਰਗੋਬਿੰਦ ਕੌਰ ਦੀਆਂ ਅੱਖਾਂ ਦਾ ਚੈਅਕੱਪ ਕਰਦੇ ਹੋਏ ਕੈਬਨਿਟ ਮੰਤਰੀ ਡਾ. ਬਲਜੀਤ ਕੌਰ








