-2016 ‘ਚ ਡਿਪੂ ਹੋਲਡਰ ਤੋਂ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਦਬੋਚਿਆ ਸੀ
ਬਰਨਾਲਾ, 4 ਜੁਲਾਈ ( ਨਿਰਮਲ ਸਿੰਘ ਪੰਡੋਰੀ )-ਬਰਨਾਲਾ ਅਦਾਲਤ ਵਿੱਚ ਰਿਸ਼ਵਤ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਫੂਡ ਸਪਲਾਈ ਇੰਸਪੈਕਟਰ ਨੂੰ 4 ਸਾਲ ਦੀ ਸਜ਼ਾ ਅਤੇ ਦਸ ਹਜ਼ਾਰ ਦਾ ਜ਼ੁਰਮਾਨਾ ਕੀਤਾ ਹੈ । ਇੰਸਪੈਕਟਰ ਰਮਨਦੀਪ ਸਿੰਘ ਦੇ ਖਿਲਾਫ਼ ਡੀਪੂ ਹੋਲਡਰ ਦੀ ਸ਼ਿਕਾਇਤ ‘ਤੇ ਵਿਜੀਲੈਂਸ ਨੇ 27 ਜੂਨ 2016 ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ । ਇੰਸਪੈਕਟਰ ਰਮਨਦੀਪ ਸਿੰਘ ਸ਼ਹਿਣਾ ਦੇ ਡਿਪੂ ਹੋਲਡਰ ਨਰੇਸ਼ ਕੁਮਾਰ ਤੋਂ ਮਿੱਟੀ ਦੇ ਤੇਲ ਦੀ ਸਪਲਾਈ ਬਦਲੇ 3 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਰਿਸ਼ਵਤ ਮੰਗ ਰਿਹਾ ਸੀ, ਜਿਸ ਤੋਂ ਬਾਅਦ ਡੀਪੂ ਹੋਲਡਰ ਨੇ ਵਿਜੀਲੈਂਸ ਨਾਲ ਸੰਪਰਕ ਕੀਤਾ । ਵਿਜੀਲੈਂਸ ਦੀ ਯੋਜਨਾ ਮੁਤਾਬਕ ਡੀਪੂ ਹੋਲਡਰ ਨਰੇਸ਼ ਕੁਮਾਰ ਨੇ ਇੰਸਪੈਕਟਰ ਰਮਨਦੀਪ ਸਿੰਘ ਨੂੰ 5100 ਰੁਪਏ ਰਿਸ਼ਵਤ ਦਿੱਤੀ ਤਾਂ ਵਿਜੀਲੈਂਸ ਨੇ ਮੌਕੇ ‘ਤੇ ਹੀ ਉਸ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਸੀ । 27 ਜੂਨ 2016 ਨੂੰ ਇੰਸਪੈਕਟਰ ‘ਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਪਰਚਾ ਦਰਜ ਕਰਕੇ ਅਦਾਲਤੀ ਕਾਰਵਾਈ ਸ਼ੁਰੂ ਹੋਈ । 2016 ਤੋਂ ਲੈ ਕੇ ਹੁਣ ਤਕ ਬਰਨਾਲਾ ਦੀ ਅਦਾਲਤ ਵਿੱਚ ਚੱਲੀ ਅਦਾਲਤੀ ਕਾਰਵਾਈ ਤੋਂ ਬਾਅਦ ਅਦਾਲਤ ਨੇ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਸੰਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ 4 ਸਾਲ ਦੀ ਸਜ਼ਾ ਅਤੇ ਦਸ ਹਜ਼ਾਰ ਜ਼ੁਰਮਾਨਾ ਕੀਤਾ ਹੈ ।