Gee 98News

ਚੰਡੀਗੜ੍ਹ, 4 ਜੁਲਾਈ-ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦੀ ਕਮਾਨ ਸੌਂਪ ਦਿੱਤੀ ਗਈ ਹੈ । ਬੀਤੇ ਕੱਲ੍ਹ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਹੁਦਾ ਛੱਡ ਦਿੱਤਾ ਸੀ, ਜਿਸ ਤੋਂ ਬਾਅਦ ਹੀ ਸੁਨੀਲ ਜਾਖੜ ਦੇ ਪੰਜਾਬ ਭਾਜਪਾ ਚੁਣੇ ਜਾਣ ਦੀਆਂ ਕਿਆਸ-ਅਰਾਈਆਂ ਸ਼ੁਰੂ ਹੋ ਗਈਆਂ ਸਨ । ਸੁਨੀਲ ਜਾਖੜ 2017 ਤੋਂ 2021 ਤੱਕ ਪੰਜਾਬ ਕਾਂਗਰਸ ਦੇ ਵੀ ਪ੍ਰਧਾਨ ਰਹੇ ਹਨ । ਮਈ 2022 ਵਿਚ ਸੁਨੀਲ ਜਾਖੜ ਨੇ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕਰ ਲਈ ਸੀ । 2002 ਤੋਂ 2017 ਤੱਕ ਸੁਨੀਲ ਜਾਖੜ ਅਬੋਹਰ ਵਿਧਾਨ ਸਭਾ ਸੀਟ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਜਿੱਤੇ ਹਨ । 2012 2017 ਦੌਰਾਨ ਉਹ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਵੀ ਰਹਿ ਚੁੱਕੇ ਹਨ । ਗੁਰਦਾਸਪੁਰ ਲੋਕ ਸਭਾ ਸੀਟ ਤੋਂ ਫਿਲਮ ਅਭਿਨੇਤਾ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਹੋਈ ਚੋਣ ਵਿਚ ਸੁਨੀਲ ਜਾਖੜ ਲੋਕ ਸਭਾ ਮੈਂਬਰ ਵੀ ਚੁਣੇ ਗਏ ਸਨ । ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਕਾਂਗਰਸ ਪਾਰਟੀ ਦੇ ਦਿੱਗਜ ਆਗੂ ਸਨ, ਉਹ 10 ਸਾਲ ਤੱਕ ਲੋਕ ਸਭਾ ਸਪੀਕਰ ਅਤੇ ਮੱਧ ਪ੍ਰਦੇਸ਼ ਦੇ ਰਾਜਪਾਲ ਵੀ ਰਹੇ ।‌ ਭਾਜਪਾ ਨੇ ਪੰਜਾਬ ਤੋਂ ਇਲਾਵਾ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਝਾਰਖੰਡ ਵਿਚ ਵੀ ਪ੍ਰਦੇਸ਼ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ । ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੇ ਸੁਨੀਲ ਜਾਖੜ ਨੂੰ ਪ੍ਰਦੇਸ਼ ਪ੍ਰਧਾਨ ਚੁਣੇ ਜਾਣ ‘ਤੇ ਮੁਬਾਰਕਬਾਦ ਦਿੰਦੇ ਹੋਏ ਖੁਸ਼ੀ ਦਾ ਇਜ਼ਹਾਰ ਕੀਤਾ ਹੈ । ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੁਨੀਲ ਜਾਖੜ ਦਾ ਲੰਮਾ ਰਾਜਨੀਤਕ ਤੇ ਰਣਨੀਤਕ ਤਜਰਬਾ ਭਾਜਪਾ ਲਈ ਲਾਹੇਵੰਦ ਸਿੱਧ ਹੋਵੇਗਾ ।

Leave a Reply

Your email address will not be published. Required fields are marked *

error: Content is protected !!