ਬਰਨਾਲਾ 6 ਜੁਲਾਈ ( ਨਿਰਮਲ ਸਿੰਘ ਪੰਡੋਰੀ )-ਪੰਜਾਬ ‘ਚ ਵੱਡੀ ਗਿਣਤੀ ‘ਚ ਆਟਾ ਦਾਲ ਸਕੀਮ ਵਾਲੇ ਨੀਲੇ ਕਾਰਡ ਕੱਟਣ ਤੋਂ ਬਾਅਦ ਹੁਣ ਬੁਢਾਪਾ, ਵਿਧਵਾ ਅਤੇ ਪੈਨਸ਼ਨ ਦੇ ਹੋਰ ਲਾਭਪਾਤਰੀਆਂ ਦੀ ਸੂਚੀ ‘ਤੇ ਕੈਂਚੀ ਚੱਲੇਗੀ । ਜਾਣਕਾਰੀ ਅਨੁਸਾਰ ਪੰਜਾਬ ਦੀ ਸਮਾਜਿਕ ਸੁਰੱਖਿਆ,ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ 15 ਦਿਨਾਂ ਦੇ ਅੰਦਰ-ਅੰਦਰ ਅਸਲ ਬੁਢਾਪਾ ਪੈਨਸ਼ਨ ਲਾਭਪਾਤਰੀਆਂ ਦੀ ਆਮਦਨ ਸਬੰਧੀ ਦਸਤਾਵੇਜ਼ ਹਾਸਲ ਕੀਤੇ ਜਾਣ ਤਾਂ ਜੋ ਬੁਢਾਪਾ ਪੈਨਸ਼ਨ ਦਾ ਲਾਭ ਲੋੜਵੰਦ ਅਤੇ ਯੋਗ ਵਿਅਕਤੀਆਂ ਨੂੰ ਹੀ ਮਿਲ ਸਕੇ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੈਨਸ਼ਨਾ ਸਬੰਧੀ ਆਰੰਭੀ ਕਾਰਵਾਈ ਦੌਰਾਨ ਸਾਹਮਣੇ ਆਇਆ ਕਿ ਜੇ ਫਾਰਮ ਹੋਲਡਰਾਂ ਵਿਚੋ 63424 ਅਜਿਹੇ ਵਿਅਕਤੀ ਹਨ ਜੋ ਵਿਭਾਗ ਵੱਲੋਂ ਬੁਢਾਪਾ ਪੈਨਸ਼ਨ ਲੈ ਰਹੇ ਹਨ ਅਤੇ ਇਹਨਾਂ ਦੀ ਸਲਾਨਾ ਆਮਦਨ 60000/- ਰੁਪਏ ਤੋ ਵੱਧ ਹੈ। ਜਦਕਿ ਬੁਢਾਪਾ ਪੈਨਸ਼ਨ ਲਈ ਲਾਭਪਾਤਰੀ ਦੀ ਸਲਾਨਾ ਆਮਦਨ 60000/- ਰੁਪਏ ਤੋ ਵੱਧ ਨਹੀ ਹੋਣੀ ਚਾਹੀਦੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਦੇ ਕਈ ਬੁਢਾਪਾ ਪੈਨਸ਼ਨਰ ਵੀ ਕਿਸਾਨ ਵਰਗ ਨਾਲ ਸਬੰਧਤ ਹਨ। ਪੰਜਾਬ ਰਾਜ ਮੰਡੀ ਬੋਰਡ ਵੱਲੋ ਕਿਸਾਨਾਂ ਨੂੰ ਉਹਨਾਂ ਦੀ ਫਸਲ ਵੇਚਣ ਉਪਰੰਤ ਹੋਈ ਆਮਦਨ ਬਾਰੇ ਜੇ ਫਾਰਮ ਜਾਰੀ ਕੀਤੇ ਜਾਂਦੇ ਹਨ। ੳਨ੍ਹਾਂ ਦੀ ਸਲਾਨਾ ਆਮਦਨ ਦਾ ਸਹੀ ਪਤਾ ਲਗਾਉਣ ਦੇ ਮੰਤਵ ਨਾਲ ਵਿਭਾਗ ਵੱਲੋਂ ਪੰਜਾਬ ਰਾਜ ਮੰਡੀ ਬੋਰਡ ਦੇ ਡਾਟੇ ਨਾਲ ਮਿਲਾਣ ਕੀਤਾ ਗਿਆ। ਵਿਭਾਗ ਵੱਲੋਂ ਅਜਿਹੇ ਵਿਅਕਤੀਆਂ ਦੀ ਪਛਾਣ ਕਰਨ ਉਪਰੰਤ ਮੰਤਰੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਸਬੰਧਤ ਵਿਅਕਤੀਆਂ ਨੂੰ 15 ਦਿਨਾਂ ਦਾ ਨੋਟਿਸ ਜਾਰੀ ਕੀਤਾ ਜਾਵੇ ਅਤੇ ਨੋਟਿਸ ਪ੍ਰਾਪਤ ਹੋਣ ਤੋਂ 15 ਦਿਨਾਂ ਦੇ ਅੰਦਰ ਅੰਦਰ ਲਾਭਪਾਤਰੀ ਆਪਣੀ ਆਮਦਨ ਸਬੰਧੀ ਦਸਤਾਵੇਜ਼ (ਜਿਵੇਂ ਕਿ ਆਮਦਨ ਸਰਟੀਫਿਕੇਟ ਜਾਂ ਹੋਰ ਲੋੜੀਂਦੇ ਦਸਤਾਵੇਜ਼) ਲੈ ਕੇ ਆਪਣੇ ਜਿਲ੍ਹੇ ਦੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦਫਤਰ ਵਿਖੇ ਪੇਸ਼ ਹੋ ਕੇ ਆਪਣਾ ਪੱਖ ਰੱਖ ਸਕਦੇ ਹਨ।