Gee 98News

ਬਰਨਾਲਾ ,27 ਅਪ੍ਰੈਲ Gee98 news service-

-ਰਿਸ਼ਵਤ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਲੱਗਭੱਗ 11 ਟਿਕਾਣਿਆਂ ‘ਤੇ ਈਡੀ ਨੇ ਅੱਜ ਛਾਪਾਮਾਰੀ ਕੀਤੀ। ‌ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਦੀਆਂ ਵੱਖ-ਵੱਖ ਟੀਮਾਂ ਨੇ ਭੁੱਲਰ ਦੇ ਪਟਿਆਲਾ, ਚੰਡੀਗੜ੍ਹ, ਲੁਧਿਆਣਾ, ਨਾਭਾ, ਜਲੰਧਰ ਵਿਖੇ ਵੱਖ ਵੱਖ ਟਿਕਾਣਿਆਂ ‘ਤੇ ਛਾਪਾਮਾਰੀ ਕੀਤੀ। ਸੂਤਰਾਂ ਅਨੁਸਾਰ ਇਸ ਦੌਰਾਨ ਈਡੀ ਨੇ ਕੁਝ ਦਸਤਾਵੇਜ਼ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਭੁੱਲਰ ਦੇ ਖ਼ਿਲਾਫ਼ ਇਹ ਕਾਰਵਾਈ ਮਨੀ ਲਾਂਡਰਿੰਗ ਐਕਟ ਦੀ ਧਾਰਾ 17 ਤਹਿਤ ਕੀਤੀ ਜਾ ਰਹੀ ਹੈ ਜਿਸ ਤਹਿਤ ਉਸਦੀ ਬੇਨਾਮੀ ਸੰਪੱਤੀ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਅੱਜ ਬਰਨਾਲਾ ਵਿਖੇ ਵੀ ਈਡੀ ਦੀ ਛਾਪਾਮਾਰੀ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ, ਜਿਸ ਦੀਆਂ ਕਨਸੋਆਂ ਲੈਣ ਲਈ ਪੱਤਰਕਾਰ ਚਾਰਾਜੋਈ ਕਰਦੇ ਰਹੇ ਪ੍ਰੰਤੂ ਕਿਸੇ ਪਾਸਿਓਂ ਕੋਈ ਭਿਣਕ ਨਹੀਂ ਲੱਗੀ। ‌ ਕੁਝ ਖੋਜੀ ਪੱਤਰਕਾਰਾਂ ਨੇ ਦੇਰ ਸ਼ਾਮ ਤੱਕ ਇਹ ਜਾਣਕਾਰੀ ਬਾਹਰ ਕੱਢ ਹੀ ਲਈ ਕਿ ਈਡੀ ਦੀ ਟੀਮ ਬਰਨਾਲਾ ਨਾਲ ਸੰਬੰਧਿਤ ਇੱਕ ਕਾਰੋਬਾਰੀ ਦੇ ਟਿਕਾਣੇ ‘ਤੇ ਪੁੱਜੀ ਅਤੇ ਕੁਝ ਦਸਤਾਵੇਜ਼ ਨਾਲ ਲੈ ਕੇ ਜਾਣ ਦੀ ਚਰਚਾ ਵੀ ਸਾਹਮਣੇ ਆ ਰਹੀ ਹੈ ਪ੍ਰੰਤੂ ਇਸ ਦੀ ਪੁਸ਼ਟੀ ਅਧਿਕਾਰਤ ਤੌਰ ‘ਤੇ ਕਿਸੇ ਅਧਿਕਾਰੀ ਨੇ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਵੱਖ ਵੱਖ ਪਾਰਟੀਆਂ ਦੇ ਸਿਆਸੀ ਆਗੂ ਈਡੀ ਦੇ ਨਿਸ਼ਾਨੇ ‘ਤੇ ਹਨ ਉਥੇ ਕੁਝ ਆਈਏਐਸ ਅਤੇ ਆਈਪੀਐਸ ਅਫਸਰ ਵੀ ਈਡੀ ਦੇ ਰਡਾਰ ‘ਤੇ ਹਨ ਜਿਨਾਂ ਦੇ ਕਾਲੇ ਧਨ ਨੂੰ ਭੁੱਲਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਚਿੱਟਾ ਕੀਤਾ, ਈਡੀ ਦੇ ਅਧਿਕਾਰੀਆਂ ਦੀ ਅੱਜ ਬਰਨਾਲਾ ਵਿਖੇ ਐਂਟਰੀ ਨੂੰ ਵੀ ਇਸੇ ਸੰਦਰਭ ਵਿੱਚ ਹੀ ਵੇਖਿਆ ਜਾ ਰਿਹਾ ਹੈ। ਦੂਜੇ ਪਾਸੇ ਇਹ ਵੀ ਜਾਣਕਾਰੀ ਹੈ ਕਿ ਅੱਜ ਬਰਨਾਲਾ ਦੇ ਕੁਝ ਅਫ਼ਸਰ ਆਪਣੇ ਟਿਕਾਣਿਆਂ ਤੋਂ ਆਸੇ ਪਾਸੇ ਰਹੇ। ਪੱਤਰਕਾਰਾਂ ਨੇ ਜਦ ਬਰਨਾਲਾ ਵਿਖੇ ਈਡੀ ਦੀ ਛਾਪਾਮਾਰੀ ਸਬੰਧੀ ਕੁਝ ਸਿਵਲ ਅਤੇ ਪੁਲਿਸ ਅਧਿਕਾਰੀਆਂ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਸਾਰਿਆਂ ਨੇ ਅਣਜਾਣਤਾ ਪ੍ਰਗਟ ਕੀਤੀ, ਫਿਰ ਵੀ ਮੰਨਿਆ ਜਾ ਰਿਹਾ ਹੈ ਕਿ ਬਰਨਾਲਾ ਨਾਲ ਡੀਆਈਜੀ ਭੁੱਲਰ (ਮੁਅੱਤਲ) ਦਾ ਕਾਰੋਬਾਰੀ ਰਿਸ਼ਤਾ ਨਾਤਾ ਜੁੜਿਆ ਹੋਇਆ ਹੈ ਕਿਉਂਕਿ ਧੂੰਆਂ ਤਾਂ ਹੀ ਨਿਕਲਦਾ ਹੈ ਜੇਕਰ ਕਿਧਰੇ ਅੱਗ ਲੱਗੀ ਹੋਵੇ।

Leave a Reply

Your email address will not be published. Required fields are marked *

error: Content is protected !!