ਚੰਡੀਗੜ੍ਹ 27 ਜੁਲਾਈ-ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪਹਿਲੀ ਵਾਰ ਕਿਸੇ ਮੁੱਦੇ ‘ਤੇ ਭਗਵੰਤ ਮਾਨ ਸਰਕਾਰ ਦੀ ਤਾਰੀਫ਼ ਕੀਤੀ ਹੈ। ਉਂਝ ਤਾਂ ਸਰਕਾਰ ਦੇ ਗਠਨ ਤੋਂ ਲੈ ਕੇ ਹੀ ਰਾਜਪਾਲ ਅਤੇ ਮੁੱਖ ਮੰਤਰੀ ਵਿਚਕਾਰ ਸ਼ਬਦੀ ਜੰਗ ਸਿਖਰਾਂ ‘ਤੇ ਹੈ। ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦੇ ਹੋਏ ਰਾਜਪਾਲ ਨੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਆਫ਼ਤ ਤੋਂ ਬਾਅਦ ਜਿਸ ਤਰਾਂ ਸਰਕਾਰ ਨੇ ਸਥਿਤੀ ਨੂੰ ਸੰਭਾਲਿਆ ਹੈ,ਉਹ ਸ਼ਲਾਘਾ ਯੋਗ ਹੈ। ਫਸਲਾਂ ਦੇ ਨੁਕਸਾਨ ਸਬੰਧੀ ਰਾਜਪਾਲ ਨੇ ਕਿਹਾ ਕਿ ਉਹ ਆਪਣੀ ਰਿਪੋਰਟ ਕੇਂਦਰ ਨੂੰ ਸੌਂਪਣਗੇ ਅਤੇ ਜਲਦੀ ਹੀ ਕੇਂਦਰੀ ਟੀਮ ਵੀ ਜਾਇਜ਼ਾ ਲੈਣ ਆਵੇਗੀ। ਕੇਂਦਰ ਸਰਕਾਰ ਵੱਲੋਂ 218 ਕਰੋੜ ਦੀ ਭੇਜੀ ਰਕਮ ਦੇ ਘੱਟ ਹੋਣ ਸਬੰਧੀ ਪੰਜਾਬ ਸਰਕਾਰ ਦੇ ਇਤਰਾਜ਼ ਸਬੰਧੀ ਸਵਾਲ ਦੇ ਜਵਾਬ ਵਿੱਚ ਰਾਜਪਾਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੂੰ ਹੋਰ ਰਾਸ਼ੀ ਦੀ ਲੋੜ ਵੀ ਹੈ ਤਾਂ ਉਹ ਮੰਗ ਸਕਦੀ ਹੈ,ਕੇਂਦਰ ਸਰਕਾਰ ਹੋਰ ਸਹਾਇਤਾ ਵੀ ਦੇਵੇਗੀ।









