ਚੰਡੀਗੜ੍ਹ,3 ਅਗਸਤ-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੇ ਸ਼ਿਕੰਜ਼ੇ ਵਿੱਚ ਲੈ ਲਿਆ ਹੈ। ਵਿਜੀਲੈਂਸ ਬਿਊਰੋ ਨੇ ਭਰਤਇੰਦਰ ਸਿੰਘ ਚਾਹਲ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਕੈਪਟਨ ਸਰਕਾਰ ਸਮੇਂ ਭਰਤਇੰਦਰ ਸਿੰਘ ਚਾਹਲ ਸ਼ੈਡੋ ਮੁੱਖ ਮੰਤਰੀ ਵਜੋਂ ਹੀ ਵਿਚਰਦੇ ਰਹੇ ਹਨ, ਜੋ ਪੰਜਾਬ ਦੇ ਹਰ ਵਿਭਾਗ ਵਿੱਚ ਦਖ਼ਲ ਦਰਜੀ ਕਰਕੇ ਹੀ ਫੈਸਲੇ ਲੈਂਦੇ ਸਨ । ਵਿਜੀਲੈਂਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਚਾਹਲ ਨੇ ਆਪਣੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ 300 ਫੀਸਦੀ ਜ਼ਿਆਦਾ ਜਾਇਦਾਦ ਇਕੱਠੀ ਕੀਤੀ ਹੈ। ਵਿਜੀਲੈਂਸ ਦੇ ਅਨੁਸਾਰ ਪੜ੍ਹਤਾਲ ਅਜੇ ਜਾਰੀ ਹੈ। ਵਿਜੀਲੈਂਸ ਨੇ ਚਾਹਲ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਸਮੇਤ ਵੱਖ-ਵੱਖ ਨਾਵਾਂ ਹੇਠ ਖਰੀਦੀਆਂ ਗਈਆਂ ਹੋਰ ਬਹੁਤ ਸਾਰੀਆਂ ਜਾਇਦਾਦਾਂ ਦੀ ਵੀ ਜਾਂਚ ਕਰਨੀ ਹੈ।
