ਚੰਡੀਗੜ੍ਹ, 11 ਸਤੰਬਰ-ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਇਕ ਪਿੰਡ ਟਾਹਲੀਵਾਲਾ ਵਿੱਚ ਚਲਦੇ ਵਿਆਹ ਸਮਾਗਮ ‘ਚ ਉਸ ਵੇਲੇ ਅਜੀਬ ਮਾਹੌਲ ਪੈਦਾ ਹੋ ਗਿਆ ਜਦ ਬਾਹਰੋ ਆਏ ਕੁਝ ਲੋਕਾਂ ਨੇ ਅਚਾਨਕ ਲਾੜੇ ਅਤੇ ਬਰਾਤੀਆਂ ਦੀ ਛਿੱਤਰ ਪਰੇਡ ਸ਼ੁਰੂ ਕਰ ਦਿੱਤੀ । ਕੁੱਟਮਾਰ ਸ਼ੁਰੂ ਹੋਣ ਤੋਂ ਬਾਅਦ ਲਾੜਾ ਤਾਂ ਭਾਵੇਂ ਮੌਕੇ ਤੋਂ ਕਿਸੇ ਤਰੀਕੇ ਨਾਲ ਭੱਜ ਨਿਕਲਿਆ ਪਰੰਤੂ ਬਰਾਤੀਆਂ ਦੀ ਚੰਗੀ ਭੁਗਤ ਸਵਾਰੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬਰਾਤ ਦਾ ਲਾੜਾ ਧੋਖੇ ਨਾਲ ਵਿਆਹ ਕਰਵਾ ਰਿਹਾ ਸੀ ਜਦਕਿ ਉਸਦੇ ਪਹਿਲਾਂ ਵੀ ਦੋ ਵਿਆਹ ਹੋ ਚੁੱਕੇ ਹਨ, ਪ੍ਰੰਤੂ ਉਸ ਨੇ ਕੁੜੀ ਵਾਲਿਆਂ ਨੂੰ ਪਹਿਲੇ ਵਿਆਹਾਂ ਬਾਰੇ ਨਹੀਂ ਦੱਸਿਆ । ਦੂਜੇ ਪਾਸੇ ਜਦ ਉਸਦੇ ਨਵੇਂ ਵਿਆਹ ਬਾਰੇ ਭਿਣਕ ਉਸਦੀ ਪਹਿਲੀ ਪਤਨੀ ਨੂੰ ਲੱਗੀ ਤਾਂ ਉਹ ਆਪਣੇ ਭਰਾਵਾਂ ਸਮੇਤ ਪੁੱਜ ਗਈ। ਉਸ ਦੇ ਭਾਈਆਂ ਨੇ ਲਾੜੇ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ, ਜਦ ਬਰਾਤੀ ਅੱਗੇ ਆਏ ਤਾਂ ਬਰਾਤੀਆਂ ਦੀ ਵੀ ਚੰਗੀ ਕੁੱਟਮਾਰ ਹੋਈ। ਦਰਅਸਲ, ਇਸ ਵਿਆਹ ਦੇ ਵਿਚੋਲੇ ਨੇ ਲੜਕੀ ਵਾਲਿਆਂ ਨੂੰ ਲਾੜੇ ਦੇ ਪਹਿਲੇ ਵਿਆਹਾਂ ਸਬੰਧੀ ਜਾਣਕਾਰੀ ਨਹੀਂ ਦਿਤੀ । ਵਿਚੋਲੇ ਅਤੇ ਲਾੜੇ ਦੇ ਧੋਖੇ ਕਾਰਨ ਕੁੱਟਮਾਰ ਦਾ ਸ਼ਿਕਾਰ ਹੋਈ ਇਹ ਬਾਰਾਤ ਲਾਧੂਕਾ ਮੰਡੀ ਤੋਂ ਆਈ ਦੱਸੀ ਜਾ ਰਹੀ ਹੈ। ਜਦ ਕਾਫੀ ਸਮਾਂ ਹੰਗਾਮਾ ਹੁੰਦਾ ਰਿਹਾ ਤਾਂ ਮਾਮਲੇ ਵਿੱਚ ਪੁਲਿਸ ਦੀ ਐਂਟਰੀ ਹੋਈ । ਮੌਕੇ ‘ਤੇ ਪੁੱਜੀ ਪੁਲਿਸ ਨੇ ਮਾਹੌਲ ਨੂੰ ਸ਼ਾਂਤ ਕੀਤਾ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ।










