Skip to main content

Gee 98News

…ਪੁਲਿਸ ਦੀ ਕਹਾਣੀ ਨਿਕਲੀ ਝੂਠੀ, ਅਦਾਲਤ ਨੇ ਦੋਸ਼ੀ ਬਣਾਏ ਗਏ ਦੋਵੇਂ ਨੌਜਵਾਨਾਂ ਨੂੰ ਕੀਤਾ ਬਰੀ

ਚੰਡੀਗੜ੍ਹ,10 ਨਵੰਬਰ, Gee98 news service-

-NDPS ਦੀ ਸਪੈਸ਼ਲ ਅਦਾਲਤ ਨੇ ਨਸ਼ੇ ਦੇ ਮਾਮਲੇ ‘ਚ ਪੁਲਿਸ ਵੱਲੋਂ ਝੂਠੀ ਕਹਾਣੀ ਬਣਾ ਕੇ ਗ੍ਰਿਫ਼ਤਾਰ ਕੀਤੇ ਦੋ ਨੌਜਵਾਨਾਂ ਨੂੰ ਸੁਣਵਾਈ ਦੌਰਾਨ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਬਰੀ ਕਰਨ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਦੇ ਵੇਰਵੇ ਅਨੁਸਾਰ 12 ਫਰਵਰੀ 2024 ਨੂੰ ਸਪੈਸ਼ਲ ਟਾਸਕ ਫੋਰਸ ਨੇ ਸੈਕਟਰ 89 ‘ਚ ਪੁਲਿਸ ਨਾਕੇ ‘ਤੇ ਦੋ ਨੌਜਵਾਨ ਰਣਜੀਤ ਸਿੰਘ ਅਤੇ ਸਨੀ ਭਲੇਚਾ ਨੂੰ 4620 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਕਹਾਣੀ ਬਣਾਈ ਕਿ “ਸੈਕਟਰ 89 ‘ਚ ਪੁਲਿਸ ਦਾ ਨਾਕਾ ਲਗਾਇਆ ਹੋਇਆ ਸੀ ਜਿੱਥੇ ਮੋਟਰਸਾਈਕਲ ‘ਤੇ ਦੋ ਨੌਜਵਾਨਾਂ ਨੂੰ ਰੋਕਿਆ ਜਿਨਾਂ ਨੇ ਮੋਟਰਸਾਈਕਲ ‘ਤੇ ਕਾਲੇ ਰੰਗ ਦਾ ਲਿਫ਼ਾਫ਼ਾ ਟੰਗਿਆ ਹੋਇਆ ਸੀ। ਜਦੋਂ ਲਿਫ਼ਾਫ਼ੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 4620 ਨਸ਼ੀਲੀਆਂ ਗੋਲੀਆਂ ਨਿਕਲੀਆਂ ਜਿਨਾਂ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕੀਤਾ ਗਿਆ। ਪੁਲਿਸ ਨੇ ਦੋਵਾਂ ਦਾ ਡੋਪ ਟੈਸਟ ਕਰਵਾਇਆ ਜਿਨਾਂ ਵਿੱਚੋਂ ਸਨੀ ਭੁਲੇਖਾ ਦਾ ਡੋਪ ਟੈਸਟ ਪਾਜੀਟਿਵ ਆਇਆ ਅਤੇ ਇਸ ਮਾਮਲੇ ‘ਚ NDPS ਐਕਟ ਵੀ ਜੋੜਿਆ ਗਿਆ। ਦੂਜੇ ਪਾਸੇ ਦੋਸ਼ੀ ਸਨੀ ਭਲੇਚਾ ਦੀ ਭੈਣ ਨੇ ਇਸ ਸਾਰੀ ਕਹਾਣੀ ਨੂੰ ਝੂਠੀ ਦੱਸਦੇ ਹੋਏ ਸਨੀ ਭਲੇਚਾ ਨੂੰ ਝੂਠੇ ਮੁਕੱਦਮੇ ‘ਚ ਫਸਾਉਣ ਦੇ ਦੋਸ਼ ਲਗਾਏ। ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਪੁਲਿਸ ਦੀ ਇਹ ਝੂਠੀ ਕਹਾਣੀ ਉਸ ਵੇਲੇ ਨੰਗੀ ਹੋ ਗਈ ਜਦੋਂ ਸਨੀ ਭੁਲੇਖਾ ਦੀ ਭੈਣ ਨੇ ਸਨੀ ਭਲੇਚਾ ਦੀ ਗ੍ਰਿਫ਼ਤਾਰੀ ਦੀ CCTV ਫੁਟੇਜ ਅਦਾਲਤ ਵਿੱਚ ਪੇਸ਼ ਕੀਤੀ। ਸਨੀ ਭਲੇਚਾ ਦੀ ਭੈਣ ਵੱਲੋਂ ਪੇਸ਼ ਕੀਤੀ ਸੀਸੀਟੀਵੀ ਫੁਟੇਜ ਅਨੁਸਾਰ ਪੁਲਿਸ ਨੇ ਸਨੀ ਭਲੇਚਾ ਨੂੰ ਉਸ ਦੀ ਦੁਕਾਨ ਦੇ ਸਾਹਮਣੇ ਪਾਰਕਿੰਗ ਵਿੱਚੋਂ 4.20 ਵਜੇ ਗ੍ਰਿਫ਼ਤਾਰ ਕੀਤਾ ਸੀ ਜਦਕਿ ਪੁਲਿਸ ਦੀ ਕਹਾਣੀ ਅਨੁਸਾਰ ਉਸਦੀ ਗ੍ਰਿਫਤਾਰੀ ਸੈਕਟਰ 89 ‘ਚ ਪੁਲਿਸ ਨਾਕੇ ‘ਤੇ 5.20 ‘ਤੇ ਦਿਖਾਈ ਗਈ। ਅਦਾਲਤ ਨੇ CCTV ਫੁਟੇਜ ਦੀ ਲੈਬ ਤੋਂ ਚੈਕਿੰਗ ਕਰਵਾਈ ਤਾਂ ਪੇਸ਼ ਕੀਤੀ ਸੀਸੀਟੀਵੀ ਫੁਟੇਜ ਬਿਲਕੁਲ ਸਹੀ ਨਿਕਲੀ। ਇਸ ਮਾਮਲੇ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਜਦੋਂ ਬਚਾਅ ਪੱਖ ਦੇ ਵਕੀਲਾਂ ਨੇ ਸੀਸੀਟੀਵੀ ਫੁਟੇਜ ਅਦਾਲਤ ਵਿੱਚ ਚਲਾਈ ਤਾਂ ਸਪੈਸ਼ਲ ਟਾਸਕ ਫੋਰਸ ਵੱਲੋਂ ਗਵਾਹੀ ਦੇਣ ਆਏ ASI ਹਰਵਿੰਦਰ ਸਿੰਘ,ASI ਕਰਮਜੀਤ ਮੋਹਨ ਅਤੇ ਇੰਸਪੈਕਟਰ ਹਾਕਮ ਸਿੰਘ ਵੀਡੀਓ ਕਲਿੱਪ ਵਿੱਚ ਦਿਸ ਰਹੇ ਆਪਣੇ ਹੀ ਪੁਲਿਸ ਕਰਮਚਾਰੀਆਂ ਅਤੇ ਘਟਨਾ ਸਥਾਨ ਨੂੰ ਪਹਿਚਾਨਣ ਤੋਂ ਮੁੱਕਰ ਗਏ।

‌                                           ਪੁਲਿਸ ਨੇ FIR ਅਤੇ ਚਲਾਨ ਵਿੱਚ ਇਹ ਦਾਅਵਾ ਕੀਤਾ ਸੀ ਕਿ ਦੋਸ਼ੀਆਂ ਨੂੰ 12 ਫਰਵਰੀ ਨੂੰ 5.20 ਮਿੰਟ ‘ਤੇ ਗੁਪਤ ਸੂਚਨਾ ਦੇ ਅਧਾਰ ‘ਤੇ ਨਾਕਾ ਲਗਾ ਕੇ ਸੈਕਟਰ 89 ਤੋਂ ਗ੍ਰਿਫ਼ਤਾਰ ਕੀਤਾ ਜਦਕਿ ਸੀਸੀਟੀਵੀ ਫੁਟੇਜ ਨੇ ਇਹ ਸਾਬਿਤ ਕਰ ਦਿੱਤਾ ਕਿ ਪੁਲਿਸ ਪਾਰਟੀ FIR ਵਿੱਚ ਦੱਸੇ ਗਏ ਸਮੇਂ ਤੋਂ ਇੱਕ ਘੰਟਾ ਪਹਿਲਾਂ 4.20 ਮਿੰਟ ‘ਤੇ ਕਬੀਰ ਮਾਰਕੀਟ ਵਿੱਚੋਂ ਸਨੀ ਭੁਲੇਖਾ ਦੀ ਦੁਕਾਨ ਦੇ ਸਾਹਮਣੇ ਗ੍ਰਿਫ਼ਤਾਰ ਕਰਕੇ ਲਿਜਾ ਰਹੀ ਸੀ।‌ ਪੁਲਿਸ ਦਾ ਦਾਅਵਾ ਸੀ ਕਿ 5:20 ਮਿੰਟ ‘ਤੇ ਦੋਵੇਂ ਦੋਸ਼ੀ ਮੋਟਰਸਾਈਕਲ ‘ਤੇ ਸਵਾਰ ਸਨ ਤੇ ਉਹਨਾਂ ਨੇ ਲਿਫ਼ਾਫ਼ਾ ਟੰਗਿਆ ਹੋਇਆ ਸੀ, ਉਹਨਾਂ ਨੂੰ ਨਾਕੇ ‘ਤੇ ਗ੍ਰਿਫ਼ਤਾਰ ਕੀਤਾ ਗਿਆ ਪ੍ਰੰਤੂ ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਸ ਰਿਹਾ ਹੈ ਕਿ ਸਨੀ ਭਲੇਚਾ 4.20 ਮਿੰਟ ‘ਤੇ ਪੈਦਲ ਜਾ ਰਿਹਾ ਸੀ ਉਸ ਕੋਲ ਕੋਈ ਮੋਟਰਸਾਈਕਲ ਤੇ ਲਿਫ਼ਾਫ਼ਾ ਨਹੀਂ ਸੀ। ਅਦਾਲਤ ਵਿੱਚ ਸਵਾਲ ਉੱਠ ਕੇ ਜਦੋਂ 4.20 ‘ਤੇ ਸਨੀ ਭਲੇਚਾ ਨੂੰ ਪੁਲਿਸ ਆਪਣੀ ਹਿਰਾਸਤ ਵਿੱਚ ਲਿਜਾ ਰਹੀ ਹੈ ਤਾਂ ਇੱਕ ਘੰਟੇ ਬਾਅਦ 5.20 ਮਿੰਟ ‘ਤੇ ਪੁਲਿਸ ਨਾਕੇ ‘ਤੇ ਗ੍ਰਿਫ਼ਤਾਰੀ ਦੇ ਕੀ ਮਾਇਨੇ ਹਨ । ਸੀਸੀਟੀਵੀ ਫੁਟੇਜ ਵਿੱਚ ਇਹ ਵੀ ਸਾਫ਼ ਦਿਸ ਰਿਹਾ ਹੈ ਕਿ ਜਿਸ ਵਿਅਕਤੀ ਨੂੰ ਪੁਲਿਸ ਸਨੀ ਭਲੇਚਾ ਦੇ ਨਾਲ ਕਾਰ ਵਿੱਚ ਬਿਠਾ ਕੇ ਲਿਜਾ ਰਹੀ ਸੀ ਉਸ ਦੀ ਸਰੀਰਕ ਬਣਤਰ ਦੂਸਰੇ ਦੋਸ਼ੀ ਰਣਜੀਤ ਸਿੰਘ ਨਾਲ ਬਿਲਕੁਲ ਵੀ ਨਹੀਂ ਮਿਲਦੀ ਸੀ। ਪੁਲਿਸ ਅਦਾਲਤ ਵਿੱਚ ਇਹ ਜਵਾਬ ਨਹੀਂ ਦੇ ਸਕੀ ਕਿ ਇਹ ਦੂਸਰਾ ਵਿਅਕਤੀ ਕੌਣ ਹੈ ਅਤੇ ਉਸ ਦੀ ਜਗ੍ਹਾ ‘ਤੇ ਰਣਜੀਤ ਸਿੰਘ ਨੂੰ ਦੋਸ਼ੀ ਕਿਵੇਂ ਬਣਾਇਆ ਗਿਆ। ‌ ਮੋਹਾਲੀ ਦੀ ਅਦਾਲਤ ਨੇ ਇਸ ਮਾਮਲੇ ‘ਚ 6 ਨਵੰਬਰ ਨੂੰ ਦੋਵੇਂ ਦੋਸ਼ੀਆਂ ਨੂੰ ਬਰੀ ਕਰਦੇ ਹੋਏ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪੁਲਿਸ ਨੇ ਇੱਕ ਬੇਗੁਨਾਹ ਨਾਗਰਿਕ ਨੂੰ ਫਸਾਉਣ ਲਈ ਇੱਕ ਨਾਟਕੀ ਅਤੇ ਕਾਲਪਨਿਕ ਕਹਾਣੀ ਤਿਆਰ ਕੀਤੀ ਜੋ ਅਤਿਅੰਤ ਚਿੰਤਾਜਨਕ ਹੈ।
ਫੋਟੋ ਕੈਪਸ਼ਨ- AI ਤਸਵੀਰ

Gee98 Ads
error: Content is protected !!