Skip to main content

Gee 98News

…ਹੁਣ ਅੰਤਿਮ ਫੈਸਲਾ ਕੇਵਲ ਸਿੰਘ ਢਿੱਲੋਂ ਦਾ ਹੋਵੇਗਾ…ਬਰਨਾਲਾ ਸੀਟ ਲਈ ਅਕਾਲੀ ਦਲ-ਭਾਜਪਾ ‘ਚ ਫਸਿਆ ਪੇਚ

ਬਰਨਾਲਾ, 21 ਨਵੰਬਰ (ਨਿਰਮਲ ਸਿੰਘ ਪੰਡੋਰੀ)-

ਵਿਧਾਨ ਸਭਾ ਹਲਕਾ ਬਰਨਾਲਾ ਤੋਂ ਭਾਜਪਾ ਤੇ ਅਕਾਲੀ ਦਲ ਦੇ ਉਮੀਦਵਾਰ ਦੀ ਚੋਣ ਦੀ ਸਥਿਤੀ ਪੇਚੀਦਾ ਬਣਦੀ ਜਾ ਰਹੀ ਹੈ। ਟਰਾਈਡੈਂਟ ਦੇ ਮਾਲਿਕ, ਮੈਂਬਰ ਪਾਰਲੀਮੈਂਟ ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜ ਸਬੰਧੀ ਕੋਰੀ ਨਾਂਹ ਕਰ ਦਿੱਤੀ ਹੈ। ਜਿਸ ਤੋਂ ਬਾਅਦ ਭਾਜਪਾ ਦੇ ਬਾਕੀ ਦਾਅਵੇਦਾਰਾਂ ਨੇ ਟਿਕਟ ਪ੍ਰਾਪਤੀ ਦੀ ਦੌੜ ਵਿੱਚ ਆਪਣੀ ਗੱਡੀ ਟਾੱਪ ਗੇਅਰ ‘ਚ ਪਾ ਲਈ ਹੈ। ਦੂਜੇ ਪਾਸੇ ਰਾਜਿੰਦਰ ਗੁਪਤਾ ਦੀ ਨਾਂਹ ਵਾਲੀ ਸਟੇਟਮੈਂਟ ਤੋਂ ਬਾਅਦ ਅਕਾਲੀ ਦਲ ਦੇ ਖ਼ੇਮੇ ‘ਚ ਵੀ ਹਲਚਲ ਵਧੀ ਹੈ। ਪਿਛਲੇ ਕੁਝ ਦਿਨਾਂ ਦੌਰਾਨ ਬਰਨਾਲਾ ਦੀ ਰਾਜਨੀਤੀ ‘ਚ ਇਹ ਹਾਲਾਤ ਸਾਹਮਣੇ ਆਏ ਸਨ ਕਿ ਰਾਜਿੰਦਰ ਗੁਪਤਾ ਦਾ ਜਿਉਂ ਹੀ ਨਾਮ ਚੱਲਿਆ ਤਾਂ ਅਕਾਲੀ ਦਲ ਅਤੇ ਭਾਜਪਾ ਦੇ ਬਾਕੀ ਦਾਅਵੇਦਾਰਾਂ ਦੀਆਂ ਸਰਗਰਮੀਆਂ ਕੁਝ ਮੱਠੀਆਂ ਪੈ ਗਈਆਂ ਸਨ ਪਰੰਤੂ ਹੁਣ ਜਦੋਂ ਕਿ ਰਾਜਿੰਦਰ ਗੁਪਤਾ ਨੇ ਜਵਾਬ ਦੇ ਦਿੱਤਾ ਹੈ ਤਾਂ ਅਕਾਲੀ ਅਤੇ ਭਾਜਪਾ ਦੇ ਬਾਕੀ ਦਾਅਵੇਦਾਰ ਜ਼ਿਆਦਾ ਸਰਗਰਮ ਹੋ ਗਏ ਹਨ। ਸੂਤਰਾਂ ਅਨੁਸਾਰ ਪੰਜਾਬ ‘ਚ ਅਕਾਲੀ-ਭਾਜਪਾ ਗੱਠਜੋੜ ਲੱਗਭੱਗ ਫਾਈਨਲ ਹੈ ਜਿਸ ਦਾ ਕਿਸੇ ਵੇਲੇ ਵੀ ਢੁਕਵੇਂ ਸਮੇਂ ‘ਤੇ ਐਲਾਨ ਕੀਤਾ ਜਾ ਸਕਦਾ ਹੈ। ਹੁਣ ਚਰਚਾ ਇਹ ਵੀ ਚੱਲ ਰਹੀ ਹੈ ਕਿ ਰਜਿੰਦਰ ਗੁਪਤਾ ਦੀ ਨਾਂਹ ਤੋਂ ਬਾਅਦ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਕੋਟੇ ‘ਚ ਵੀ ਜਾ ਸਕਦੀ ਹੈ ਜਿਸ ਲਈ ਕੁਲਵੰਤ ਸਿੰਘ ਕੀਤੂ ਮਜ਼ਬੂਤ ਦਾਅਵੇਦਾਰ ਹਨ, ਪ੍ਰੰਤੂ ਦੂਜੇ ਪਾਸੇ ਨਾਲੋਂ ਨਾਲ ਇਹ ਚਰਚਾ ਵੀ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਥੋਂ ਪਾਰਟੀ ਦੇ ਇੱਕ ਹਿੰਦੂ ਭਾਈਚਾਰੇ ਦੇ ਵੱਡੇ ਆਗੂ ਨੂੰ ਚੋਣ ਲੜਾਉਣ ‘ਤੇ ਵਿਚਾਰ ਕਰ ਰਿਹਾ ਹੈ। ਇਸ ਚਰਚਾ ਦੀ ਪੁਸ਼ਟੀ ਬਰਨਾਲਾ ਦੇ ਇੱਕ ਵੱਡੇ ਅਕਾਲੀ ਆਗੂ ਨੇ ਕਰਦੇ ਹੋਏ ਦੱਸਿਆ ਕਿ ਪਟਿਆਲਾ ਵਾਲੇ ਪਾਸਿਓਂ ਇੱਕ ਵੱਡਾ ਹਿੰਦੂ ਆਗੂ ਬਰਨਾਲਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜ ਸਕਦਾ ਹੈ। ਚਰਚਾ ਇਹ ਵੀ ਹੈ ਕਿ ਭਾਜਪਾ ਬਰਨਾਲਾ ਸੀਟ ਲਈ ਕਿਸੇ ਫਿਲਮੀ ਸੈਲੀਬ੍ਰਿਟੀ ਨੂੰ ਵੀ ਮੈਦਾਨ ਵਿੱਚ ਉਤਾਰ ਸਕਦੀ ਹੈ। ਸੂਤਰਾਂ ਅਨੁਸਾਰ ਅਕਾਲੀ ਭਾਜਪਾ ਗੱਠਜੋੜ ਦੀ ਪ੍ਰਕਿਰਿਆ ਦੌਰਾਨ ਜਿੱਥੇ ਪੰਜਾਬ ਦੀਆਂ ਦਰਜਨ ਤੋਂ ਵਧੇਰੇ ਸੀਟਾਂ ‘ਤੇ ਦੋਵੇਂ ਪਾਰਟੀਆਂ ‘ਚ ਪੇਚ ਫਸਿਆ ਹੋਇਆ ਉੱਥੇ ਬਰਨਾਲਾ ‘ਚ ਵੀ ਦੋਵੇਂ ਪਾਰਟੀਆਂ ਇਹ ਸੀਟ ਆਪਣੇ ਕੋਟੇ ‘ਚ ਰੱਖਣਾ ਚਾਹੁੰਦੀਆਂ ਹਨ, ਹਾਲਾਂਕਿ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਭਾਜਪਾ ਵਾਲੇ ਪਾਸੇ ਤੋਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਫੈਸਲਾ ਅੰਤਿਮ ਹੋਵੇਗਾ ਕਿ ਇਹ ਸੀਟ ਭਾਜਪਾ ਦੇ ਕੋਟੇ ਵਿੱਚ ਆਉਂਦੀ ਹੈ ਜਾਂ ਨਹੀਂ ਭਾਵ ਕਿ ਹੁਣ ਜੇਕਰ ਗੱਠਜੋੜ ਤਹਿਤ ਬਰਨਾਲਾ ਸੀਟ ਭਾਜਪਾ ਦੇ ਹਿੱਸੇ ਆਉਂਦੀ ਹੈ ਤਾਂ ਰਾਜਿੰਦਰ ਗੁਪਤਾ ਦੀ ਨਾਂਹ ਤੋਂ ਬਾਅਦ ਪਾਰਟੀ ਉਮੀਦਵਾਰ ਕੇਵਲ ਢਿੱਲੋਂ ਦੇ ਥਾਪੜੇ ਵਾਲਾ ਹੀ ਹੋਵੇਗਾ।

error: Content is protected !!