ਬਰਨਾਲਾ, 20 ਨਵੰਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਕਈ ਦਿਨਾਂ ਤੋਂ ਹੋ ਰਹੀ ਚਰਚਾ ‘ਤੇ ਟਰਾਈਡੈਂਟ ਦੇ ਮਾਲਕ ਅਤੇ ਰਾਜਸਭਾ ਦੇ ਮੌਜੂਦਾ ਮੈਂਬਰ ਪਦਮਸ਼੍ਰੀ ਰਜਿੰਦਰ ਗੁਪਤਾ ਨੇ ਆਪਣਾ ਨਜ਼ਰੀਆ ਸਪੱਸ਼ਟ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਜਿਉਂ ਹੀ ਪਦਮਸ਼੍ਰੀ ਰਜਿੰਦਰ ਗੁਪਤਾ ਨੇ ਆਪਣੇ ਮੈਂਬਰ ਪਾਰਲੀਮੈਂਟ ਦੇ ਕੋਟੇ ਵਿੱਚੋਂ ਗਰਾਂਟਾਂ ਵੰਡਣ ਸਬੰਧੀ ਟਰਾਈਡੈਂਟ ਦੇ ਵਿਹੜੇ ਬਰਨਾਲਾ ਨਾਲ ਸੰਬੰਧਿਤ ਸਮਾਜ ਸੇਵੀ ਸੰਸਥਾਵਾਂ ਨੂੰ ਸੱਦਾ ਪੱਤਰ ਦਿੱਤਾ ਤਾਂ ਇਹ ਅਟਕਲਾਂ ਜ਼ੋਰ ਫੜ ਗਈਆਂ ਸਨ ਕਿ ਸ੍ਰੀ ਗੁਪਤਾ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਸਕਦੇ ਹਨ। ਇਸੇ ਚਰਚਾ ਦੌਰਾਨ ਬੀਤੇ ਕੱਲ੍ਹ ਟਰਾਈਡੈਂਟ ਦੇ ਵਿਹੜੇ ਸ੍ਰੀ ਗੁਪਤਾ ਨੇ ਪੱਤਰਕਾਰਾਂ ਨੂੰ ਬੁਲਾ ਕੇ ਇਹ ਸਪੱਸ਼ਟ ਕਰ ਦਿੱਤਾ ਕਿ ਕਿ ਰਾਜਨੀਤੀ ਦੇ ਮੈਦਾਨ ‘ਚ ਸਿੱਧੇ ਤੌਰ ‘ਤੇ ਨਿਤਰਨ ਦਾ ਅਜੇ ਉਹਨਾਂ ਦਾ ਕੋਈ ਇਰਾਦਾ ਨਹੀਂ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਉਹ ਆਪਣੇ ਕਾਰੋਬਾਰ ਅਤੇ ਹੋਰ ਰੁਝੇਵਿਆਂ ਦੇ ਕਾਰਨ ਰਾਜਨੀਤੀ ਨੂੰ ਐਨਾ ਸਮਾਂ ਨਹੀਂ ਦੇ ਸਕਦੇ ਜਿੰਨਾ ਲੋਕਾਂ ਦੀਆਂ ਵੋਟਾਂ ਨਾਲ ਚੁਣੇ ਹੋਏ ਨੁਮਾਇੰਦੇ ਦਿੰਦੇ ਹਨ। ਬਰਨਾਲਾ ਤੋਂ ਭਾਜਪਾ ਦੇ ਉਮੀਦਵਾਰ ਦੀ ਜਿੱਤ ਵਿੱਚ ਭੂਮਿਕਾ ਸਬੰਧੀ ਸਵਾਲ ਦਾ ਜਵਾਬ ਦਿੰਦੇ ਹੋਏ ਸ੍ਰੀ ਗੁਪਤਾ ਨੇ ਕਿਹਾ ਕਿ “ਕੋਈ ਵੀ ਆ ਜਾਵੇ, ਜਿਸ ਨੂੰ ਲੋਕ ਵੋਟਾਂ ਪਾ ਕੇ ਜਿਤਾ ਦਿੰਦੇ ਹਨ ਉਹ ਚੰਗਾ ਹੀ ਹੁੰਦਾ ਹੈ”। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉੰਝ ਭਾਵੇਂ ਸ੍ਰੀ ਰਜਿੰਦਰ ਗੁਪਤਾ ਨੇ ਬਰਨਾਲਾ ਦੀ ਰਾਜਨੀਤੀ ‘ਚ ਸਿੱਧੀ ਦਖ਼ਲ ਅੰਦਾਜ਼ੀ ਤੋਂ ਕੋਰੀ ਨਾਂਹ ਕਰ ਦਿੱਤੀ ਹੈ ਪ੍ਰੰਤੂ ਜੇਕਰ ਲੰਘ ਚੁੱਕੇ ਸਮੇਂ ਦੌਰਾਨ ਸੁਰਿੰਦਰਪਾਲ ਸਿੰਘ ਸੀਬੀਆ ਦੀ ਚੋਣ ਮੌਕੇ ਦੇ ਹਾਲਾਤਾਂ ‘ਤੇ ਨਜ਼ਰ ਮਾਰੀ ਜਾਵੇ ਤਾਂ ਯਕੀਨਨ ਸ੍ਰੀ ਗੁਪਤਾ ਬਰਨਾਲਾ ਵਿਧਾਨ ਸਭਾ ਹਲਕੇ ‘ਚ ਭਾਜਪਾ ਜਾਂ ਅਕਾਲੀ ਭਾਜਪਾ ਗੱਠਜੋੜ ਵੱਲੋਂ ਚੋਣ ਲੜਨ ਵਾਲੇ ਉਮੀਦਵਾਰ ਨੂੰ ਥਾਪੀ ਜ਼ਰੂਰ ਦੇਣਗੇ। ਆਪਣੇ ਮੈਂਬਰ ਪਾਰਲੀਮੈਂਟ ਦੇ ਕੋਟੇ ਵਿੱਚੋਂ ਸੰਸਥਾਵਾਂ ਨੂੰ ਗਰਾਂਟਾਂ ਵੰਡਣ ਦੀ ਪ੍ਰਕਿਰਿਆ ‘ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਇਹ ਸਾਹਮਣੇ ਆ ਰਿਹਾ ਹੈ ਕਿ ਸ਼੍ਰੀ ਰਜਿੰਦਰ ਗੁਪਤਾ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੀ ਸੰਸਥਾਵਾਂ ਦੀ ਚੋਣ ਅਤੇ ਗਰਾਂਟਾਂ ਦੀ ਰਕਮ ਮਿਥੀ ਜਾ ਰਹੀ ਹੈ, ਇਸ ਲਈ ਭਾਵੇਂ ਸ੍ਰੀ ਗੁਪਤਾ ਨੇ ਖੁਦ ਚੋਣ ਲੜਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ ਪ੍ਰੰਤੂ ਇਹ ਮੰਨਿਆ ਨਹੀਂ ਜਾ ਸਕਦਾ ਕਿ ਉਹਨਾਂ ਦੀ ਬਰਨਾਲਾ ਵਿਧਾਨ ਸਭਾ ਹਲਕੇ ਦੀ ਚੋਣ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖ਼ੁਦ ਸ੍ਰੀ ਗੁਪਤਾ ਨੇ ਬਰਨਾਲਾ ਨੂੰ ਆਪਣੀ “ਸਮਾਜਿਕ ਰਾਜਧਾਨੀ” ਕਿਹਾ ਹੈ ਜਿਸ ਤੋਂ ਇਹ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਉਹ ਬਰਨਾਲਾ ਖੇਤਰ ਨਾਲ ਜੁੜੇ ਰਹਿਣਗੇ। ਬਹਿਰਹਾਲ ! ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਖ਼ੁਦ ਚੋਣ ਲੜਦੀਆਂ ਚਰਚਾਵਾਂ ‘ਤੇ ਭਾਵੇਂ ਵਿਰਾਮ੍ਹਚਿੰਨ ਲਗਾ ਦਿੱਤਾ ਹੈ ਪਰੰਤੂ ਹੁਣ ਨਜ਼ਰਾਂ ਉਹਨਾਂ ਦੇ ਇਸ ਕਦਮ ‘ਤੇ ਟਿਕੀਆਂ ਰਹਿਣਗੀਆਂ ਕਿ ਉਹ ਬਰਨਾਲਾ ਵਿਧਾਨ ਸਭਾ ਹਲਕੇ ਦੀ ਚੋਣ ਵਿੱਚ ਕਿਹੜੀ ਭੂਮਿਕਾ ‘ਚ ਸਾਹਮਣੇ ਆਉਣਗੇ। ਇਹ ਭੂਮਿਕਾ ਸੁਰਿੰਦਰਪਾਲ ਸਿੰਘ ਸਿਬੀਆ ਦੀ ਚੋਣ ਵਾਲੀ ਜਾਂ ਸੰਜੀਵ ਸ਼ੋਰੀ ਦੀ ਚੋਣ ਵਾਲੀ ਵੀ ਹੋ ਸਕਦੀ ਹੈ ਜਾਂ ਫਿਰ ਸ੍ਰੀ ਰਾਜਿੰਦਰ ਗੁਪਤਾ ਬਰਨਾਲਾ ਦੀ ਰਾਜਨੀਤੀ ‘ਚ ਉਸੇ ਭੂਮਿਕਾ ‘ਚ ਰਹਿਣਾ ਚਾਹੁਣਗੇ ਜਿਸ ਵਿੱਚ ਉਹ ਪਲੈਨਿੰਗ ਬੋਰਡ ਦੇ ਉਪ ਚੇਅਰਮੈਨ ਮੌਕੇ ਰਹੇ ਹਨ।