Skip to main content

Gee 98News

ਸੜਕ ‘ਤੇ ਹੀ ਲਾਲਾ…ਲਾਲਾ ਹੋਗੀ….ਪੁਲਿਸ ਮੁਲਾਜ਼ਮ ਦੀ ਜੇਬ ‘ਚੋਂ ਚਿੱਟਾ ਫੜਨ ਦਾ ਦਾਅਵਾ

– ਮਾਮਲਾ ਵੱਡੇ ਪੁਲਿਸ ਅਧਿਕਾਰੀ ਦੇ ਦਰਬਾਰ ਪੁੱਜਿਆ

ਬਰਨਾਲਾ ,9 ਨਵੰਬਰ, ( ਨਿਰਮਲ ਸਿੰਘ ਪੰਡੋਰੀ )-

-ਬਰਨਾਲਾ ਵਿਖੇ ਖਾਕੀ ਵਰਦੀ ਉਸ ਵੇਲੇ ਸਵਾਲਾਂ ਦੇ ਘੇਰੇ ਵਿੱਚ ਫਸ ਗਈ ਜਦੋਂ ਕੁਝ ਨੌਜਵਾਨਾਂ ਨੇ ਇੱਕ ਪੁਲਿਸ ਮੁਲਾਜ਼ਮ ਦੀ ਜੇਬ ‘ਚੋਂ ਚਿੱਟੇ ਦੀਆਂ ਪੁੜੀਆਂ ਫੜਨ ਦਾ ਦਾਅਵਾ ਕੀਤਾ। ਬਰਨਾਲਾ ਦੇ ਕਚਹਿਰੀ ਚੌਂਕ ਤੋਂ ਲੈ ਕੇ ਗੁਰੂ ਰਵਿਦਾਸ ਚੌਂਕ ਦੇ ਵਿਚਕਾਰ ਮੁੱਖ ਸੜਕ ‘ਤੇ ਇੱਕ ਮੋਟਰਸਾਈਕਲ ‘ਤੇ ਸਵਾਰ ਨੌਜਵਾਨਾਂ ਨੇ ਦੂਜੇ ਮੋਟਰਸਾਈਕਲ ‘ਤੇ ਸਵਾਰ ਇੱਕ ਵਰਦੀਧਾਰੀ ਮੁਲਾਜ਼ਮ ਨੂੰ ਰੋਕਿਆ ਤੇ ਉਸਦੀ ਜੇਬ ਵਿੱਚੋਂ ਚਿੱਟੀਆਂ ਪੁੜੀਆਂ ਫੜਨ ਦਾ ਦਾਅਵਾ ਕਰਨ ਲੱਗੇ, ਮੌਕੇ ‘ਤੇ ਸੜਕ ਦੇ ਉੱਪਰ ਹੀ ਕਾਫੀ ਲੋਕਾਂ ਦਾ ਇਕੱਠ ਹੋ ਗਿਆ। ਪੁਲਿਸ ਮੁਲਾਜ਼ਮ ਦੀ ਜੇਬ ‘ਚੋਂ ਚਿੱਟੇ ਦੀਆਂ ਪੁੜੀਆਂ ਫੜਨ ਦਾ ਦਾਅਵਾ ਕਰਨ ਵਾਲੇ ਨੌਜਵਾਨ ਆਪਣੇ ਆਪ ਨੂੰ ਪਿੰਡ ਬਦਰਾ ਦੇ ਦੱਸ ਰਹੇ ਸਨ ਜਿਨਾਂ ਨੇ ਮੌਕੇ ‘ਤੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਪੁਲਿਸ ਮੁਲਾਜ਼ਮ ਧਨੌਲਾ ਰੋਡ ਤੋਂ ਟਰੈਕਟਰਾਂ ਦੀ ਏਜੰਸੀ ਕੋਲੋਂ ਕਿਸੇ ਤੋਂ ਚਿੱਟੇ ਦੀਆਂ ਪੁੜੀਆਂ ਲੈ ਕੇ ਆਇਆ ਜਿਸ ਦੇ ਅਸੀਂ ਮਗਰ ਲੱਗੇ ਹੋਏ ਸੀ ਅਤੇ ਸਾਡੇ ਸਾਹਮਣੇ ਇਸ ਨੇ ਕਿਸੇ ਤੋਂ ਚਿੱਟਾ ਲਿਆ ਇਸ ਕਰਕੇ ਅਸੀਂ ਇਸ ਦਾ ਪਿੱਛਾ ਕੀਤਾ ਤੇ ਇੱਥੇ ਆ ਕੇ ਇਸਦੀ ਜੇਬ ਵਿੱਚੋਂ ਅਸੀਂ ਚਿੱਟੇ ਦੀਆਂ ਪੁੜੀਆਂ ਕੱਢੀਆਂ। ਦੂਜੇ ਪਾਸੇ ਸਬੰਧਿਤ ਪੁਲਿਸ ਮੁਲਾਜ਼ਮ ਨੇ ਇਹਨਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਪੁੜੀਆਂ ਅਸਲ ਵਿੱਚ ਇਹਨਾਂ ਨੌਜਵਾਨਾਂ ਦੀਆਂ ਹੀ ਹਨ ਅਤੇ ਇਹਨਾਂ ਕੋਲੋਂ ਹੀ ਮੈਂ ਫੜੀਆਂ ਹਨ। ਪੱਤਰਕਾਰਾਂ ਵੱਲੋਂ ਮੌਕੇ ‘ਤੇ ਪੁੱਛਗਿੱਛ ਦੇ ਆਧਾਰ ‘ਤੇ ਪੁਲਿਸ ਮੁਲਾਜ਼ਮ ਦਾ ਝੂਠ ਫੜਿਆ ਗਿਆ ਕਿਉਂਕਿ ਉਹ ਅਸਲ ਵਿੱਚ ਇੱਕ ਜੱਜ ਸਾਹਿਬ ਦੀ ਗਾਰਦ ਦਾ ਮੁਲਾਜ਼ਮ ਹੈ, ਜਿਸ ਕਰਕੇ ਸਮਾਜ ਵਿਰੋਧੀ ਅਨਸਰਾਂ ਨੂੰ ਫੜਨ ਲਈ ਉਸ ਦੀ ਡਿਊਟੀ ਨਹੀਂ ਹੈ। ਇਸ ਮਾਮਲੇ ਸਬੰਧੀ ਕਾਫੀ ਰੌਲਾ ਪੈਣ ਤੋਂ ਬਾਅਦ ਮੌਕੇ ‘ਤੇ ਪੁਲਿਸ ਪਾਰਟੀ ਵੀ ਪੁੱਜੀ ਜਿਹੜੀ ਨੌਜਵਾਨਾਂ ਨੂੰ ਆਪਣੇ ਨਾਲ ਥਾਣੇ ਲਿਜਾਣ ਲੱਗੀ ਪਰੰਤੂ ਨੌਜਵਾਨਾਂ ਨੇ ਥਾਣੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਿਸ ਮੁਲਾਜ਼ਮ ਨੂੰ ਫੜਨ ਵਾਲੇ ਨੌਜਵਾਨਾਂ ਨੇ ਚਿੱਟੇ ਦੀਆਂ ਪੁੜੀਆਂ ਉਥੇ ਹਾਜ਼ਰ ਲੋਕਾਂ ਨੂੰ ਫੜਾ ਦਿੱਤੀਆਂ ਜਿਸ ਤੋਂ ਬਾਅਦ ਕਾਫੀ ਗਿਣਤੀ ਵਿੱਚ ਇਕੱਠੇ ਹੋ ਕੇ ਲੋਕਾਂ ਨੇ ਜ਼ਿਲ੍ਹਾ ਪੁਲਿਸ ਹੈਡਕੁਆਰਟਰ ‘ਤੇ ਜਾ ਕੇ ਐਸਪੀਡੀ ਸ੍ਰੀ ਸੰਜੀਵ ਗੋਇਲ ਨੂੰ ਇਹ ਚਿੱਟੇ ਦੀਆਂ ਪੁੜੀਆਂ ਸੌਂਪ ਦਿੱਤੀਆਂ, ਮੌਕੇ ‘ਤੇ ਹੀ ਐਸਪੀਡੀ ਨੇ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਗੰਭੀਰਤਾ ਨਾਲ ਕਾਰਵਾਈ ਕਰਨ ਦੇ ਹੁਕਮ ਦਿੱਤੇ। ਐਸਪੀਡੀ ਨੇ ਲੋਕਾਂ ਨੂੰ ਇਹ ਭਰੋਸਾ ਦਿੱਤਾ ਕਿ ਜੇਕਰ ਇਸ ਮਾਮਲੇ ‘ਚ ਪੁਲਿਸ ਮੁਲਾਜ਼ਮ ਦੋਸ਼ੀ ਪਾਇਆ ਗਿਆ ਉਸ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਬਖਸ਼ਿਆ ਨਹੀਂ ਜਾਵੇਗਾ। ਬਹਿਰਰਾਲ ! ਇਸ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ ਪਰੰਤੂ ਇਸ ਸਾਰੇ ਘਟਨਾਕ੍ਰਮ ਪਿੱਛੇ ਇੱਕ ਚਿੰਤਾਜਨਕ ਪੱਖ ਸਾਹਮਣੇ ਆ ਰਿਹਾ ਹੈ ਕਿ ਬਰਨਾਲਾ ਸ਼ਹਿਰ ਵਿੱਚ ਅਜੇ ਵੀ ਚਿੱਟਾ ਵਿਕ ਰਿਹਾ ਹੈ ਅਤੇ ਪੁਲਿਸ ਮੁਲਾਜ਼ਮਾਂ ‘ਤੇ ਵੀ ਸਵਾਲ ਉੱਠ ਰਹੇ ਹਨ। ਪੁਲਿਸ ਮੁਲਾਜ਼ਮ ਤੋਂ ਚਿੱਟਾ ਫੜਨ ਵਾਲੇ ਨੌਜਵਾਨਾਂ ਨੇ ਦਾਅਵਾ ਕੀਤਾ ਕਿ ਉਹ ਪਰਵਿੰਦਰ ਸਿੰਘ ਝੋਟੇ ਵਾਲੇ ਮਸਲੇ ਤੋਂ ਪ੍ਰੇਰਿਤ ਹੋ ਕੇ ਨਸ਼ੇ ਦੇ ਖਿਲਾਫ ਲੜ ਰਹੇ ਹਨ ਅਤੇ ਉਹ ਬਰਨਾਲਾ ‘ਚ ਚਿੱਟਾ ਵਿਕਣ ਵਾਲੇ ਇੱਕ ਟਿਕਾਣੇ ‘ਤੇ ਸੀਆਈਡੀ ਲੈਣ ਆਏ ਸਨ ਜਿੱਥੇ ਉਕਤ ਮੁਲਾਜ਼ਮ ਨੂੰ ਉਹਨਾਂ ਨੇ ਚਿੱਟਾ ਲੈਂਦੇ ਦੇਖਿਆ ਤਾਂ ਉਸ ਦਾ ਪਿੱਛਾ ਕਰਕੇ ਉਸਦੀ ਜੇਬ ਵਿੱਚੋਂ ਚਿੱਟੇ ਦੀਆਂ ਪੁੜੀਆਂ ਕੱਢੀਆਂ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਵਿੱਚ ਕਿਵੇਂ ਕਾਰਵਾਈ ਕਰਦੀ ਹੈ ।

ਫੋਟੋ ਕੈਪਸ਼ਨ- ਦੋਸ਼ਾਂ ਅਨੁਸਾਰ ਪੁਲਿਸ ਮੁਲਾਜ਼ਮ ਦੀ ਜੇਬ ਚੋਂ ਫੜਿਆ ਗਿਆ ਸਮਾਨ

error: Content is protected !!