Gee 98News

ਪੰਜਾਬ ਪੁਲਿਸ ਨੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਭੈਣ ਨੂੰ ਘਰ ‘ਚ ਕੀਤਾ ਨਜ਼ਰਬੰਦ…!

ਚੰਡੀਗੜ੍ਹ, 13 ਸਤੰਬਰ-ਬੁੱਧਵਾਰ ਸਵਖਤੇ ਹੀ ਪੰਜਾਬ ‘ਚ ਵਾਪਰੀ ਇੱਕ ਘਟਨਾ ਨੇ ਸੋਸ਼ਲ ਮੀਡੀਆ ‘ਤੇ ਸਭ ਦਾ ਧਿਆਨ ਖਿੱਚਿਆ ਹੈ ਅਤੇ ਇਸ ਘਟਨਾ ਕਾਰਨ ਪੰਜਾਬ ਦੀ ਸੱਤਾਧਾਰੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ। ਦਰਅਸਲ ਪੰਜਾਬ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੂੰ ਘਰ ਅੰਦਰ ਹੀ ਨਜ਼ਰਬੰਦ ਕਰ ਦਿੱਤਾ ਹੈ । ਇਸ ਦੀ ਜਾਣਕਾਰੀ ਸਿੱਪੀ ਸ਼ਰਮਾ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦਿੱਤੀ। ਸਿੱਪੀ ਸ਼ਰਮਾ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਮੁਹਾਲੀ ਟੀਚਰਾਂ ਦੇ ਧਰਨੇ ‘ਚ ਪੁੱਜ ਕੇ ਮੂੰਹ ਬੋਲੀ ਭੈਣ ਕਿਹਾ ਸੀ । ਸਿੱਪੀ ਸ਼ਰਮਾ ਬੇਰੁਜ਼ਗਾਰ ਅਧਿਆਪਕ ਆਗੂ ਹੈ ਜੋ ਰੁਜ਼ਗਾਰ ਦੇ ਲਈ ਕਈ ਵਰ੍ਹਿਆਂ ਤੋਂ ਸੰਘਰਸ਼ ਕਰ ਰਹੇ ਹਨ। ਅੱਜ 13 ਸਤੰਬਰ, ਬੁੱਧਵਾਰ ਜਦਕਿ ਸ੍ਰੀ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਦੀ ਫੇਰੀ ‘ਤੇ ਹਨ ਤਾਂ ਇਹਨਾਂ ਬੇਰੋਜ਼ਗਾਰ ਅਧਿਆਪਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਅੰਮ੍ਰਿਤਸਰ ਜਾਣ ਦਾ ਪ੍ਰੋਗਰਾਮ ਉਲੀਕਿਆ ਜਿਸ ਦੀ ਭਿਣਕ ਪੰਜਾਬ ਪੁਲਿਸ ਨੂੰ ਲੱਗੀ ਤਾਂ ਇਨ੍ਹਾਂ ਅਧਿਆਪਕ ਆਗੂਆਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕੀਤਾ ਜਾਣ ਲੱਗਿਆ। ਪੁਲੀਸ ਨੇ ਬੁੱਧਵਾਰ ਸਵਖਤੇ ਹੀ ਅਧਿਆਪਕ ਆਗੂ ਸਿੱਪੀ ਸ਼ਰਮਾ ਨੂੰ ਵੀ ਉਹਦੇ ਘਰ ਅੰਦਰ ਹੀ ਬੰਦ ਕਰ ਦਿੱਤਾ। ਵਿਰੋਧੀ ਪਾਰਟੀਆਂ ਵੱਲੋਂ ਪੁਲਿਸ ਦੀ ਇਸ ਕਾਰਵਾਈ ‘ਤੇ ਟਿੱਪਣੀ ਕਰਦੇ ਹੋਏ ਆਮ ਆਦਮੀ ਪਾਰਟੀ ਉੱਪਰ ਖੂਬ ਨਿਸ਼ਾਨੇ ਸਾਧ ਰਹੇ ਹਨ।

error: Content is protected !!