Skip to main content

Gee 98News

ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਲੋਕ ਸਭਾ ਦੀ ਚੋਣ ਨਹੀਂ ਲੜਨਗੇ-ਕੰਗ

ਚੰਡੀਗੜ੍ਹ,16 ਸਤੰਬਰ-ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ ਵਿਚ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਚੋਣ ਨਹੀਂ ਲੜਨਗੇ। ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਅਗਲੀਆਂ ਲੋਕ ਸਭਾ ਚੋਣਾਂ ਲਈ ਗੱਠਜੋੜ ਹੋ ਚੁੱਕਿਆ ਹੈ ਜਿਸ ਤਹਿਤ ਭਾਜਪਾ ਨੇ ਸ਼ਰਤ ਰੱਖੀ ਹੈ ਕਿ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਚੋਣ ਨਹੀਂ ਲੜਣਗੇ‌ ਅਤੇ ਬਾਦਲ ਪਰਿਵਾਰ ਵਿਚੋਂ ਸਿਰਫ਼ ਹਰਸਿਮਰਤ ਕੌਰ ਬਾਦਲ ਹੀ ਚੋਣ ਲੜਨਗੇ।ਕੰਗ ਨੇ ਕਿਹਾ ਕਿ ਭਾਜਪਾ ਦਾ ਮੰਨਣਾ ਹੈ ਕਿ ਸੂਬੇ ਦੇ ਕਿਸਾਨਾਂ ਨਾਲ ਹੋਏ ਧੱਕੇ ਕਾਰਨ ਸੁਖਬੀਰ ਅਤੇ ਮਜੀਠੀਆ ਪ੍ਰਤੀ ਪੰਜਾਬ ਦੇ ਲੋਕਾਂ ਵਿੱਚ ਭਾਰੀ ਨਫ਼ਰਤ ਹੈ, ਇਸ ਲਈ ਪਾਰਟੀ ਉਨ੍ਹਾਂ ਨੂੰ ਚੋਣ ਨਹੀਂ ਲੜਨ ਦੇਵੇਗੀ। ਕੰਗ ਨੇ ਕਿਹਾ ਕਿ ਅਕਾਲੀ-ਭਾਜਪਾ ਦਾ ਇਹ ਗਠਜੋੜ ਸਿਖਰਾਂ ‘ਤੇ ਪਹੁੰਚ ਗਿਆ ਹੈ।ਇਹ ਲੋਕ ਇਸ ਗੱਲ ਨੂੰ ਸਪੱਸ਼ਟ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਪੰਜਾਬ ਦੇ ਲੋਕ ਸਾਡੇ ਨਾਲ ਬਹੁਤ ਜ਼ਿਆਦਾ ਦੁਰਵਿਵਹਾਰ ਕਰਨਗੇ ਕਿਉਂਕਿ ਭਾਜਪਾ ਨੇ ਜਿੱਥੇ ਕਿਸਾਨਾਂ ਨਾਲ ਬੇਇਨਸਾਫੀ ਕੀਤੀ ਹੈ, ਉਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਲੋਕ ਅਕਾਲੀ ਦਲ ਦੇ ਖਿਲਾਫ ਬਹੁਤ ਗੁੱਸੇ ਹਨ। ਇਸ ਗਠਜੋੜ ਨੂੰ ‘ਅਪਵਿੱਤਰ’ ਗਠਜੋੜ ਕਰਾਰ ਦਿੰਦਿਆਂ ਕੰਗ ਨੇ ਕਿਹਾ ਕਿ ਇਨ੍ਹਾਂ ਦੋਹਾਂ ਪਾਰਟੀਆਂ ਨੇ ਇਸ ਦਾ ਖ਼ੁਲਾਸਾ ਨਹੀਂ ਕਰਨਾ ਅਤੇ ਇਹ ਪੁਖ਼ਤਾ ਖ਼ਬਰ ਹੈ ਅਤੇ ਦੋਵੇਂ ਪਾਰਟੀਆਂ ਸਾਰਥਕ ਮਾਹੌਲ ਦੀ ਉਡੀਕ ‘ਚ ਹਨ। ਕੰਗ ਨੇ ਕਿਹਾ ਕਿ ਲੋਕਾਂ ਦੇ ਦਬਾਅ ਕਾਰਨ ਅਕਾਲੀ ਦਲ ਨੇ ਥੋੜ੍ਹੀ ਦੇਰ ਭਾਜਪਾ ਤੋਂ ਦੂਰੀਆਂ ਜ਼ਰੂਰ ਵਧਾਈਆਂ ਸਨ ਪਰ ਹੁਣ ਉਸ ਨਾਲ ਗਠਜੋੜ ਕਰਨ ਲਈ ਤਰਲੋ-ਮੱਛੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਰੀਬ 15 ਦਿਨ ਪਹਿਲਾਂ ਇਨ੍ਹਾਂ ਦੋਹਾਂ ਦੀ ਮੀਟਿੰਗ ਹੋਈ ਸੀ, ਜਿਸ ਦੀ ਅਗਵਾਈ ਹਰਸਿਮਰਤ ਕੌਰ ਬਾਦਲ ਨੇ ਕੀਤੀ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਪੰਜਾਬੀਆਂ ਦੇ ਸਵਾਲਾਂ ਦੇ ਜਵਾਬ ਦੇਣਗੇ ਪੈਣਗੇ। ਮਾਲਵਿੰਦਰ ਕੰਗ ਨੇ ਕਿਹਾ ਕਿ ਇਨ੍ਹਾਂ ਦੇ ਗਠਜੋੜ ਦਾ ਆਮ ਆਦਮੀ ਪਾਰਟੀ ਪੰਜਾਬ ਨੂੰ ਕੋਈ ਨੁਕਸਾਨ ਨਹੀਂ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਤਰੱਕੀ ਦੀ ਰਾਹ ਵੱਲ ਜਾ ਰਿਹਾ ਹੈ।

error: Content is protected !!