Gee 98News

ਚੰਡੀਗੜ੍ਹ,17 ਸਤੰਬਰ -ਪੰਜਾਬ ‘ਚ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਮਿਥੇ ਸਮੇਂ ਤੋਂ ਲੇਟ ਹੋਣ ਦੇ ਆਸਾਰ ਹਨ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਜਨਤਕ ਸਮਾਗਮ ‘ਚ ਸੰਬੋਧਨ ਕਰਦੇ ਹੋਏ ਅਜਿਹੇ ਸੰਕੇਤ ਦਿੱਤੇ ਹਨ । ਉਂਝ ਭਾਵੇਂ ਸੂਬੇ ‘ਚ ਗ੍ਰਾਮ ਪੰਚਾਇਤਾਂ ਦੀ ਮਿਆਦ ਦਸੰਬਰ ‘ਚ ਖ਼ਤਮ ਹੋ ਰਹੀ ਹੈ । ਪਿਛਲੇ ਦਿਨੀ ਗ੍ਰਾਮ ਪੰਚਾਇਤਾਂ ਭੰਗ ਕਰਨ ਦੇ ਫੈਸਲੇ ਨਾਲ ਸਰਕਾਰ ਨੇ 30 ਦਸੰਬਰ ਤੱਕ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਦੀ ਗੱਲ ਕਹੀ ਸੀ। ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬੇ ‘ਚ ਦਸੰਬਰ ਦੇ ਮਹੀਨੇ ਕੋਈ ਜਸ਼ਨ ਦਾ ਸਮਾਗਮ ਨਹੀਂ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਦਸੰਬਰ ਮਹੀਨਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਕਾਰਨ ਸੋਗ ਦਾ ਸਮਾਂ ਹੁੰਦਾ ਹੈ ਇਸ ਲਈ ਇਹਨਾਂ ਦਿਨਾਂ ਦੌਰਾਨ ਜਸ਼ਨਾਂ ਦਾ ਕੋਈ ਪ੍ਰੋਗਰਾਮ ਨਹੀਂ ਕੀਤਾ ਜਾਵੇਗਾ । ਉਂਝ ਭਾਵੇਂ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨਾਂ ਦੌਰਾਨ ਸਰਕਾਰ ਵਲੋਂ ਕੋਈ ਜਸ਼ਨਾਂ ਵਾਲਾ ਸਮਾਗਮ ਨਹੀਂ ਕੀਤਾ ਜਾਵੇਗਾ ਪ੍ਰੰਤੂ ਪੰਚਾਇਤ ਚੋਣਾਂ ਦੌਰਾਨ ਵੀ ਮਾਹੌਲ ਜਸ਼ਨਾਂ ਵਾਲਾ ਹੀ ਹੁੰਦਾ ਹੈ ਅਤੇ ਪਿੰਡ-ਪਿੰਡ ਨਸ਼ਿਆਂ ਦੀ ਪੂਰੀ ਵਰਤੋਂ ਕੀਤੀ ਜਾਂਦੀ ਹੈ ਅਤੇ ਜਿੱਤਣ ਵਾਲੇ ਉਮੀਦਵਾਰਾਂ ਵੱਲੋਂ ਢੋਲ ਢਮੱਕੇ ਦੀ ਵੀ ਖੂਬ ਵਰਤੋਂ ਕੀਤੀ ਜਾਂਦੀ ਹੈ । ਜੇਕਰ ਅਜਿਹੇ ਹਾਲਾਤਾਂ ਨੂੰ ਮੁੱਖ ਮੰਤਰੀ ਦੇ ਬਿਆਨ ਦੇ ਸੰਦਰਭ ਵਿੱਚ ਦੇਖਿਆ ਜਾਵੇ ਤਾਂ ਸੂਬੇ ‘ਚ ਪੰਚਾਇਤ ਚੋਣਾਂ ਦਸੰਬਰ ਮਹੀਨੇ ਨਹੀਂ ਹੋਣਗੀਆਂ ਅਤੇ ਸਰਕਾਰ ਦੀਆਂ ਤਿਆਰੀਆਂ ਨੂੰ ਵੇਖਦੇ ਹੋਏ ਪੰਚਾਇਤ ਚੋਣਾਂ ਦਸੰਬਰ ਤੋਂ ਪਹਿਲਾਂ ਹੋਣ ਦੇ ਵੀ ਆਸਾਰ ਘੱਟ ਹੀ ਹਨ, ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ ‘ਚ ਪੰਚਾਇਤ ਚੋਣਾਂ ਆਪਣੇ ਮਿਥੇ ਸਮੇਂ ਭਾਵ ਦਸੰਬਰ ਤੋਂ ਬਾਅਦ ਹੀ ਹੋ ਸਕਦੀਆਂ ਹਨ।

Leave a Reply

Your email address will not be published. Required fields are marked *

error: Content is protected !!